ਪੀ ਆਰ ਟੀ ਸੀ, ਪੰਜਾਬ ਰੋਡਵੇਜ਼ ਅਤੇੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਸੂਬਾਈ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਭਾਵੇਂ ਸਰਕਾਰ ਨੇ ਕਈ ਢੰਗ-ਤਰੀਕੇ ਵਰਤ ਕੇ ਕਾਫ਼ੀ ਬੱਸਾਂ ਸੜਕਾਂ ’ਤੇ ਲੈ ਆਂਦੀਆਂ ਹਨ, ਪਰ ਮੁਕੰਮਲ ਬਹਾਲੀ ਨਾ ਹੋਣ ਕਾਰਨ ਲੋਕਾਂ ਦੀ ਖੱਜਲ਼-ਖ਼ੁਆਰੀ ਬਰਕਰਾਰ ਰਹੀ। ਉਧਰ, ਹੜਤਾਲ਼ ਦਾ ਮੁੱਖ ਕਾਰਨ ‘ਕਿਲੋਮੀਟਰ ਸਕੀਮ’ ਦਾ ਮਸਲਾ ਤਾਂ ਭਾਵੇਂ ਨਜਿੱਠ ਲਿਆ ਗਿਆ ਹੈ, ਪਰ ਹੜਤਾਲ਼ ਦੌਰਾਨ ਵਾਪਰੀਆਂ ਘਟਨਾਵਾਂ ਲਈ ਸਰਕਾਰ ਅਤੇ ਯੂਨੀਅਨ ਦਰਮਿਆਨ ਇੱਕ ਹੋਰ ਕਸੂਤਾ ਪੇਚ ਫਸ ਗਿਆ। ਹੁਣ ਦੋਵੇਂ ਧਿਰਾਂ ਹੀ ਆਪੋ-ਆਪਣੀ ਗੱਲ ਮਨਵਾਉਣ ’ਤੇ ਅੜ ਗਈਆਂ ਹਨ।
ਯੂਨੀਅਨ ਦੇ ਰੋਹ ਕਾਰਨ ਕਈ ਵਾਰ ਮੁਲਤਵੀ ਕੀਤੇ ਕਿਲੋਮੀਟਰ ਸਕੀਮ ਟੈਂਡਰਾਂ ਨੂੰ ਹਰ ਹਾਲਤ ’ਚ ਖੋਲ੍ਹਣ ਦੇ ਮਨੋਰਥ ਨਾਲ ਹੀ ਸਰਕਾਰ ਦੀ ਹਦਾਇਤ ’ਤੇ ਪੁਲੀਸ ਨੇ ਪਹਿਲੀ ਰਾਤ ਹੀ ਕਈ ਆਗੂ ਚੁੱਕ ਲਏ ਤੇ ਦਿਨ ’ਚ ਵਰਕਰਾਂ ਦੀ ਭਾਰੀ ਖਿੱਚ-ਧੂਹ ਕਰਨ ਸਣੇ ਪੁਲੀਸ ’ਤੇ ਹਮਲੇ ਤੇ ਆਤਮਦਾਹ ਦੀ ਕੋਸ਼ਿਸ਼ ਵਰਗੇ ਦੋਸ਼ਾਂ ਤਹਿਤ ਕੇਸ ਦਰਜ ਕਰ ਕੇ ਕਈ ਵਰਕਰਾਂ ਨੂੰ ਜੇਲ੍ਹੀਂ ਵੀ ਡੱਕ ਦਿੱਤਾ। ਇਸ ਤੋਂ ਇਲਾਵਾ ਸੌ ਦੇ ਕਰੀਬ ਆਗੂ ਬਰਖ਼ਾਸਤ ਤੇ ਕਈ ਮੁਅੱਤਲ ਵੀ ਕੀਤੇ ਗਏ।
ਇਸੇ ਦੌਰਾਨ 30 ਨਵੰਬਰ ਨੂੰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਪੀ ਆਰ ਟੀ ਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਸਣੇ ਕਈ ਅਧਿਕਾਰੀਆਂ ਨਾਲ ਯੂਨੀਅਨ ਆਗੂਆਂ ਦੀ ਸੱਤ ਘੰਟੇ ਚੱਲੀ ਮੀਟਿੰਗ ’ਚ ਹੜਤਾਲ਼ ਵਾਪਸੀ ਦੀ ਸਹਿਮਤੀ ਬਣੀ ਸੀ। ਸਰਕਾਰ ਦਾ ਪੱਖ ਸੀ ਕਿ ਕਿਲੋਮੀਟਰ ਸਕੀਮ ’ਚ ਸਿਰਫ਼ ਕੰਡਮ ਬੱਸਾਂ ਦੀ ਥਾਂ ਹੀ ਨਵੀਂਆਂ ਬੱਸਾਂ ਪਾਈਆਂ ਜਾ ਰਹੀਆਂ ਹਨ। ਨਾਲ ਹੀ ਸਰਕਾਰ ਨੇ ਨਵੀਂ ਆਈ ਨੀਤੀ ਤਹਿਤ ਕੰਟਰੈਕਟ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਣੇ ਮੁਅੱਤਲੀਆਂ ਤੇ ਬਰਖ਼ਾਸਤਗੀਆਂ ਤੋਂ ਬਹਾਲੀ ਤੇ ਪੁਲੀਸ ਕੇਸ ਵਾਪਸ ਕਰ ਕੇ ਰਿਹਾਈ ਯਕੀਨੀ ਬਣਾਉਣ ਦਾ ਵੀ ਭਰੋਸਾ ਦਿੱਤਾ ਸੀ। ਇਸ ’ਤੇ ਸਹਿਮਤ ਹੁੰਦਿਆਂ ਯੂਨੀਅਨ ਆਗੂ ਭਗਤ ਸਿੰਘ ਤੇ ਹੋਰਾਂ ਨੇ ਹੜਤਾਲ਼ ਵਾਪਸੀ ਦਾ ਐਲਾਨ ਕੀਤਾ ਸੀ। ਇਸ ਮਗਰੋਂ ਯੂਨੀਅਨ ਨੇ ਆਪਣੀ ਵੱਖਰੀ ਮੀਟਿੰਗ ਕਰ ਕੇ ਪਹਿਲਾਂ ਬਹਾਲੀ ਦੇ ਪੱਤਰ ਜਾਰੀ ਕਰਨ ਅਤੇ ਵਰਕਰਾਂ ਨੂੰ ਰਿਹਾਅ ਕਰਵਾਉਣ ਦੀ ਸ਼ਰਤ ਰੱਖ ਦਿੱਤੀ। ਪ੍ਰਧਾਨ ਰੇਸ਼ਮ ਗਿੱਲ ਨੇ ਅੱਜ ਵੀ ਇਹ ਗੱਲ ਦੁਹਰਾਈ ਹੈ ਕਿ ਬਹਾਲੀ ਅਤੇ ਰਿਹਾਈ ਹੋਣ ’ਤੇ ਹੀ ਸਾਰੇ ਵਰਕਰ ਡਿਊਟੀਆਂ ’ਤੇ ਪਰਤਣਗੇ। ਦੋ ਨੂੰ ਅਗਲੀ ਰੂਪ-ਰੇਖਾ ਦਾ ਐਲਾਨ ਕਰਨ ਦੀ ਗੱਲ ਵੀ ਆਖੀ ਹੈ।
ਸਰਕਾਰ ਨੂੰ ਦਬਾਉਣ ਦੀ ਕਾਰਵਾਈ ਵਾਜਬ ਨਹੀਂ: ਝਾੜਵਾਂ
ਪੀ ਆਰ ਟੀ ਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਨੇ ਕਿਹਾ ਕਿ ਬਹਾਲੀ ਤੇ ਰਿਹਾਈ ਲਈ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਪਰ ਪਹਿਲਾਂ ਬਹਾਲੀ ਤੇ ਰਿਹਾਈ ਦੀ ਸ਼ਰਤ ਰੱਖ ਕੇ ਸਰਕਾਰ ਨੂੰ ਦਬਾਉਣ ਦੀ ਕਾਰਵਾਈ ਵਾਜਬ ਨਹੀਂ ਹੈ। ਉਨ੍ਹਾਂ ਕਿਹਾ ਕਿ ਹੜਤਾਲ ਦੇ ਬਾਵਜੂਦ 20 ਕੁ ਫ਼ੀਸਦੀ ਬੱਸਾਂ ਹੀ ਰੋਕਣੀਆਂ ਪੈ ਰਹੀਆਂ ਹਨ ਜਲਦੀ ਹੀ ਇਨ੍ਹਾਂ ਨੂੰ ਚਲਾਉਣ ਦਾ ਵੀ ਪ੍ਰਬੰਧ ਵੀ ਕਰ ਲਿਆ ਜਾਵੇਗਾ। ਇਸ ਲਈ ਕੁਝ ਸਮਾਂ ਪਹਿਲਾਂ ਸੇਵਾਮੁਕਤ ਹੋਏ ਡਰਾਈਵਰਾਂ ਤੇ ਕੰਡਕਟਰਾਂ ’ਚੋਂ ਨਰੋਈ ਸਿਹਤ ਵਾਲ਼ਿਆਂ ਨੂੰ ਮੁੜ ਤੋਂ ਡਿਊਟੀ ’ਤੇ ਰੱਖਣ ਲਈ ਵੀ ਸਰਕਾਰ ਵਿਚਾਰ ਕਰ ਸਕਦੀ ਹੈ। ਉਨ੍ਹਾਂ ਹੋਰ ਮੁਅੱਤਲੀਆਂ ਦੇ ਵੀ ਸੰਕੇਤ ਦਿੱਤੇ।

