ਸੁਰਜੀਤ ਮਜਾਰੀ
ਬੰਗਾ, 24 ਅਕਤੂਬਰ
ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ’ਚ ਵੱਡੀ ਧਿਰ ਵਜੋਂ ਉਭਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਮਜ਼ਬੂਤ ਗੱਠਜੋੜ ਨਾਲ ਵਿਰੋਧੀ ਧਿਰਾਂ ਦਾ ਫ਼ਿਕਰ ਵਧ ਗਿਆ ਹੈ। ਉਹ ਲੋਕ ਮੁੱਦਿਆਂ ਨੂੰ ਭੁੱਲ ਕੇ ਕੂੜ ਪ੍ਰਚਾਰ ਤੱਕ ਸੀਮਤ ਰਹਿ ਗਈਆਂ ਹਨ। ਉਹ ਪਿੰਡ ਬਹਿਰਾਮ, ਝਿੰਗੜਾਂ ਤੇ ਕਮਾਮ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਗੜ੍ਹੀ ਨੇ ਕਿਹਾ ਕਿ ਬਸਪਾ ਨੇ ਬਾਗ਼ੀਆਂ ਤੇ ਵਿਰੋਧੀਆਂ ਦੀ ਕਦੇ ਪ੍ਰਵਾਹ ਨਹੀਂ ਕੀਤੀ।ਇਸ ਦੌਰਾਨ ਗੱਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੀ ਸਾਂਝੀ ਸਰਕਾਰ ਪੰਜਾਬ ਨੂੰ ਨਵੀਆਂ ਲੀਹਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਬਸਪਾ ਦੇ ਸੂਬਾਈ ਸਕੱਤਰ ਪ੍ਰਵੀਨ ਬੰਗਾ, ਜ਼ੋਨ ਇੰਚਾਰਜ ਪ੍ਰਦੀਪ ਜੱਸੀ, ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ ਨੇ ਵੀ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਗੱਠਜੋੜ ਤੋਂ ਪਹਿਲਾਂ ਇੱਕ ਸਾਂਝੇ ਮੰਚ ’ਤੇ ਬਸਪਾ ਪ੍ਰਧਾਨ ਡਾ. ਜਸਵੀਰ ਸਿੰਘ ਗੜ੍ਹੀ ਅਤੇ ਅਕਾਲੀ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਆਪਸ ’ਚ ਵਿਗੜ ਗਈ ਸੀ। ਹੁਣ ਜਦੋਂ ਦੋਵਾਂ ਦੀਆਂ ਪਾਰਟੀਆਂ ਦਾ ਗੱਠਜੋੜ ਹੋ ਚੁੱਕਾ ਹੈ ਤਾਂ ਦੋਵਾਂ ਨੇ ਇੱਕ ਦੂਜੇ ਦੇ ਹਾਰ ਵੀ ਪਾਏ ਤੇ ਇੱਕ ਦੂਜੇ ਦਾ ਗੁਣ ਗਾਣ ਵੀ ਕੀਤਾ।