DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਰਪੋਰੇਟਾਂ ਦੀ ਚਮਕ ਸਾਹਮਣੇ BSNL ਹੋਈ 'ਫਿੱਕੀ': TRAI ਦੀ ਰਿਪੋਰਟ ਨੇ ਖੋਲ੍ਹੀ ਪੋਲ

TRAI ਦੇ Drive Test ਵਿੱਚ Jio ਅਤੇ Airtel ਦੀ 'ਬੁਲੇਟ ਰਫ਼ਤਾਰ' ਮੁੂਹਰੇ ਖੋਖਲਾ ਸਾਬਤ ਹੋਇਆ ਸਰਕਾਰੀ Network

  • fb
  • twitter
  • whatsapp
  • whatsapp
Advertisement

ਨਿੱਜੀਕਰਨ ਦੇ ਅੰਨ੍ਹੇ ਦੌਰ ਵਿੱਚ ਕਦੇ ਦੇਸ਼ ਦੀ ‘ਲਾਡਲੀ’ ਰਹੀ ਸਰਕਾਰੀ ਟੈਲੀਕੌਮ ਕੰਪਨੀ ਬੀ ਐੱਸ ਐੱਨ ਐੱਲ ਅੱਜ ਟੈਲੀਕੌਮ ਕਾਰਪੋਰੇਟ ਘਰਾਣਿਆਂ ਦੀ ਬਦਸ਼ਾਹਤ ਮੁੂਹਰੇ ਸਾਹ-ਸੱਤ ਮੁਕਾ ਬੈਠੀ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਅੰਮ੍ਰਿਤਸਰ-ਬਠਿੰਡਾ ਰੇਲ ਮਾਰਗ ‘ਤੇ ਕੀਤੇ ਗਏ ਤਾਜ਼ਾ ‘ਡਰਾਈਵ ਟੈਸਟ’ ਨੇ ਟੈਲੀਕੌਮ ਕੰਪਨੀ ਦੀ ਕਾਰਗੁਜ਼ਾਰੀ ਦਾ ਸੱਚ ਉਜਾਗਰ ਕਰ ਦਿੱਤਾ ਹੈ। ਤਾਜ਼ਾ ਜਾਰੀ ਰਿਪੋਰਟ ਦੀ ਹਕੀਕਤ ਦੱਸਦੀ ਹੈ ਕਿ ਜਿੱਥੇ ਰਿਲਾਇੰਸ ਜੀਓ ਅਤੇ ਏਅਰਟੈੱਲ ਇੰਟਰਨੈੱਟ ਡਾਟਾ ਅਸਮਾਨ ਵਿੱਚ ਉੱਚੀਆਂ ਉਡਾਰੀਆਂ ਮਾਰ ਰਹੇ ਹਨ, ਉੱਥੇ ਬੀ ਐੱਸ ਐੱਨ ਐੱਲ ਦੀ ਚਾਲ ‘ਕੱਛੂਏ’ ਤੋਂ ਵੀ ਮੱਠੀ ਪੈ ਚੁੱਕੀ ਹੈ।

ਟਰਾਈ ਵੱਲੋਂ 16 ਤੋਂ 19 ਮਾਰਚ ਦੌਰਾਨ ਮੋਬਾਈਲ ਨੈੱਟਵਰਕ ਦੀ ਪਰਖ ਕੀਤੀ ਗਈ ਤਾਂ ਸਰਕਾਰੀਤੰਤਰ ਖੋਖਲੀ ਕਾਰਗੁਜ਼ਾਰੀ ਸਾਹਮਣੇ ਆ ਗਈ। ਮਾਲਵੇ ਦੀ ਸ਼ਾਨ ਵਜੋਂ ਉੱਭਰ ਰਹੇ ਬਠਿੰਡਾ ਸ਼ਹਿਰ ਵਿੱਚ ਬੀ ਐੱਸ ਐੱਨ ਐੱਲ ਦੇ 29845 ਫੋਨ ਕਾਲ ਸੈਂਪਲਾਂ ਵਿੱਚੋਂ 7669 ਥਾਵਾਂ ’ਤੇ ਸਿਗਨਲ ਨੇ ਦਮ ਤੋੜ ਦਿੱਤਾ, ਭਾਵ ਹਰ ਚੌਥੀ ਕਾਲ ਸੈਂਪਲ ਮਾੜੀ ਹਾਲਤ ਵਿੱਚ ਮਿਲੀ। ਦੂਜੇ ਪਾਸੇ ਕਾਰਪੋਰੇਟੀ ਬਾਦਸ਼ਾਹਾਂ ਦੇ ਸਿਗਨਲ ਸਿਰ ਚੜ੍ਹ ਕੇ ਬੋਲ ਰਹੇ ਸਨ। ਇੱਥੇ ਜੀਓ ਦੇ ਮਹਿਜ਼ 378, ਏਅਰਟੈੱਲ ਦੇ 287 ਅਤੇ ਵੋਡਾਫੋਨ-ਆਈਡੀਆ (ਵੀ ਆਈ) ਦੇ 283 ਸੈਂਪਲਾਂ ਵਿੱਚ ਹੀ ਖ਼ਰਾਬੀ ਪਾਈ ਗਈ। ਜੇਕਰ ਬਠਿੰਡਾ ਇੰਟਰਨੈੱਟ ਰਫ਼ਤਾਰ ਦੀ ਗੱਲ ਕਰੀਏ ਤਾਂ ਜੀਓ 198.27 ਐੱਮ ਬੀ ਪੀ ਐਸ ਅਤੇ ਏਅਰਟੈੱਲ 151.88 ਐੱਮ ਬੀ ਪੀ ਐੱਸ ਦੀ ‘ਬੁਲੇਟ ਰਫ਼ਤਾਰ’ ਨਾਲ ਡਾਟਾ ਵੰਡ ਰਹੇ ਹਨ, ਜਦਕਿ ਬੀ ਐੱਸ ਐੱਨ ਐੱਲ ਮਹਿਜ਼ 14.55 ਐੱਮ ਬੀ ਪੀ ਐੱਸ ‘ਤੇ ਸਿਮਟ ਕੇ ਰਹਿ ਗਈ ਹੈ। ਕਾਲ ਡਰਾਪ ਦੇ ਮਾਮਲੇ ਵਿੱਚ ਏਅਰਟੈੱਲ ਨੇ ‘ਜ਼ੀਰੋ’ ਕਾਲ ਡਰਾਪ ਨਾਲ ਬਾਜ਼ੀ ਮਾਰੀ, ਜਦਕਿ ਬੀ ਐੱਸ ਐੱਨ ਐੱਲ ਦੀ ਹਰ ਚੌਥੀ ਕਾਲ ਅੱਧਵਾਟੇ ਦਮ ਤੋੜ ਗਈ। ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਜੀਓ ਦੀ ਡਾਊਨਲੋਡ ਰਫ਼ਤਾਰ 222.90 ਐਮ ਬੀ ਪੀ ਐੱਸ ਸਿਖਰ ‘ਤੇ ਸੀ, ਜਦਕਿ ਬੀ ਐੱਸ ਐੱਨ ਐੱਲ ਮੁਸ਼ਕਿਲ ਨਾਲ 18.20 ਐੱਮ ਬੀ ਪੀ ਐੱਸ ‘ਤੇ ਪੁੱਜ ਸਕੀ। ਇੱਥੋਂ ਦੇ 9510 ਸੈਂਪਲਾਂ ਵਿੱਚੋਂ 2180 ਥਾਵਾਂ ‘ਤੇ ਸਰਕਾਰੀ ਨੈੱਟਵਰਕ ਨੇ ਗਾਹਕਾਂ ਨੂੰ ਅੰਗੂਠਾ ਦਿਖਾਇਆ।

Advertisement

ਪੰਜਾਬ ਦੇ 6 ਜ਼ਿਲ੍ਹਿਆਂ ਨੂੰ ਜੋੜਨ ਵਾਲੇ 282 ਕਿਲੋਮੀਟਰ ਲੰਬੇ ਅੰਮ੍ਰਿਤਸਰ-ਬਠਿੰਡਾ ਰੇਲ ਮਾਰਗ ਦੀ ਕਹਾਣੀ ਹੋਰ ਵੀ ਦਰਦਨਾਕ ਹੈ। ਚੱਲਦੀ ਗੱਡੀ ਵਿੱਚ ਲੋਕਾਂ ਲਈ ਬੀ ਐੱਸ ਐੱਨ ਐੱਲ ਦੇ 20782 ਸੈਂਪਲਾਂ ਵਿੱਚੋਂ 4959 ਥਾਵਾਂ ‘ਤੇ ਨੈੱਟਵਰਕ ਜਾਂ ਤਾਂ ਗਾਇਬ ਸੀ ਜਾਂ ਆਖ਼ਰੀ ਸਾਹਾਂ ‘ਤੇ ਸੀ। ਇਸ ਰੇਲ ਮਾਰਗ ‘ਤੇ ਸਭ ਤੋਂ ਵੱਧ ਕਾਲ ਡਰਾਪ ਵੀ ਸਰਕਾਰੀ ਕੰਪਨੀ ਦੇ ਖਾਤੇ ਹੀ ਆਏ, ਜਦਕਿ ਜੀਓ ਤੇ ਵੀਆਈ ਦੇ ਨੈੱਟਵਰਕ ‘ਤੇ ਇੱਕ ਵੀ ਕਾਲ ਡਰਾਪ ਨਹੀਂ ਮਿਲੀ।

Advertisement

ਆਮ ਲੋਕਾਂ ਦਾ ਸੁਆਲ ਹੈ ਕਿ ਕਦੇ ਕੇਂਦਰ ਸਰਕਾਰ ਦਾ ਸਭ ਤੋਂ ਵੱਧ ਕਮਾਊ ਮੰਤਰਾਲਾ ਰਹੀ ਬੀ ਐੱਸ ਐੱਨ ਐੱਲ ਅੱਜ ਦੋ ਕੌਡੀ ਦੀ ਕਿਉਂ ਹੋ ਗਈ? ਜਦੋਂ ਨਿੱਜੀ ਕੰਪਨੀਆਂ 4ਜੀ ਅਤੇ 5ਜੀ ਦੇ ਅਸਮਾਨ ‘ਤੇ ਸਵਾਰ ਹੋ ਕੇ ਵੱਡਾ ਮੁਨਾਫ਼ਾ ਖੱਟ ਰਹੀਆਂ ਸਨ, ਉਦੋਂ ਸਰਕਾਰੀ ਕੰਪਨੀ ਨੂੰ 4ਜੀ ਸੇਵਾਵਾਂ ਦੇਣ ਤੋਂ ਸਾਲਾਂਬੱਧੀ ਦੂਰ ਕਿਉਂ ਰੱਖਿਆ ਗਿਆ। ਸਾਲ 2008 ਵਿੱਚ ਸਭ ਤੋਂ ਵੱਧ ਮੁਨਾਫ਼ਾ ਕਮਾਉਣ ਵਾਲੀ ਇਹ ਸਰਕਾਰੀ ਕੰਪਨੀ ਅੱਜ ਵੀ 9.3 ਕਰੋੜ ਮੋਬਾਈਲ ਗਾਹਕਾਂ ਨੂੰ ਜੋੜੀ ਬੈਠੀ ਹੈ, ਜਿਨ੍ਹਾਂ ਵਿੱਚੋਂ ਬਹੁਤੇ ਪੇਂਡੂ ਖੇਤਰਾਂ ਦੇ ਲੋਕ ਹਨ। ਹੁਣੇ ਜਿਹੇ ਜਦੋਂ ਨਿੱਜੀ ਕੰਪਨੀਆਂ ਨੇ ਰੀਚਾਰਜ ਮਹਿੰਗੇ ਕਰਕੇ ਆਮ ਲੋਕਾਂ ਦੀ ਜੇਬ ‘ਤੇ ਬੋਝ ਪਾਇਆ, ਤਾਂ ਕੁਝ ਗਾਹਕ ‘ਘਰ ਵਾਪਸੀ’ ਕਰਦਿਆਂ ਮੁੜ ਬੀ ਐੱਸ ਐੱਨ ਐੱਲ ਵੱਲ ਪਰਤ ਪਏ। ਅਪਰੈਲ ਤੱਕ ਬੀ ਐੱਸ ਐੱਨ ਐੱਲ ਤੇ ਐੱਮ ਟੀ ਐੱਨ ਐੱਲ ਦੀ ਹਿੱਸੇਦਾਰੀ ਸਿਰਫ਼ 7.33 ਫ਼ੀਸਦੀ ਰਹਿ ਗਈ।

ਬੀ ਐੱਸ ਐੱਨ ਐੱਲ ਨੇ ਪਿਛਲੇ ਦੋ ਸਾਲਾਂ ਵਿੱਚ ਹਜ਼ਾਰਾਂ ਨਵੇਂ 4ਜੀ ਟਾਵਰ ਲਗਾ ਕੇ ਆਪਣਾ ਗੁਆਚਿਆ ਰੁਤਬਾ ਹਾਸਲ ਕਰਨ ਲਈ ਜੰਗ ਤਾਂ ਵਿੱਢੀ ਹੈ, ਪਰ ਟਰਾਈ ਦੀ ਤਾਜ਼ਾ ਕਾਰਗੁਜ਼ਾਰੀ ਰਿਪੋਰਟ ਦੇ ਤੱਥਾਂ ਮੁਤਾਬਕ ਕਾਰਪੋਰੇਟਾਂ ਦੇ ਹਾਣ ਦਾ ਹੋਣ ਲਈ ਇਸ ਸਰਕਾਰੀ ਕੰਪਨੀ ਦੀ ਮੰਜ਼ਿਲ ਅਜੇ ਵੀ ਕੋਹਾਂ ਦੂਰ ਹੈ।

Advertisement
×