DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰੋੜਾਂ ਦੀ ਲਾਗਤ ਨਾਲ ਬਣੇ ਸ੍ਰੀ ਮੁਕਤਸਰ ਸਾਹਿਬ ਦੇ ਦੋਵੇਂ STP ਫੇਲ੍ਹ

 ਸਬਜ਼ੀਆਂ ਦੇ ਖੇਤਾਂ ਨੂੰ ਹੋ ਰਹੀ ਹੈ ਸੀਵਰੇਜ ਦੇ ਜ਼ਹਿਰੀਲੇ ਪਾਣੀ ਦੀ ਸਿੱਧੀ ਸਪਲਾਈ

  • fb
  • twitter
  • whatsapp
  • whatsapp
Advertisement
ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਸੀਵਰੇਜ ਸਿਸਟਮ 'ਤੇ ਹੁਣ ਤੱਕ ਕਰੋੜਾਂ ਰੁਪਏ ਖ਼ਰਚੇ ਜਾ ਚੁੱਕੇ ਹਨ, ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁੱਲ ਉੱਲਟ ਹੈ। ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਕਿਸੇ ਟ੍ਰੀਟਮੈਂਟ (ਸੁਧਾਈ) ਦੇ ਸਿੱਧੇ ਰੂਪ ਵਿੱਚ ਫ਼ਸਲਾਂ, ਖ਼ਾਸ ਕਰਕੇ ਸਬਜ਼ੀਆਂ ਅਤੇ ਫਲਾਂ ਨੂੰ ਲਾਇਆ ਜਾ ਰਿਹਾ ਹੈ, ਜੋ ਕਿ ਲੋਕਾਂ ਦੀ ਸਿਹਤ ਨਾਲ ਇੱਕ ਵੱਡਾ ਖਿਲਵਾੜ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੀਵਰੇਜ ਦੇ ਪਾਣੀ ਵਿੱਚ ਸਿੱਕਾ, ਕੈਡਮੀਅਮ, ਕਰੋਮੀਅਮ, ਆਰਸੈਨਿਕ ਅਤੇ ਹਾਨੀਕਾਰਕ ਬੈਕਟੀਰੀਆ ‘ਈ-ਕੋਲਾਈ’ ਅਤੇ ‘ਸਾਲਮੋਨੇਲਾ’ ਹੁੰਦੇ ਹਨ, ਜੋ ਮਿੱਟੀ ਰਾਹੀਂ ਸਬਜ਼ੀਆਂ ਦੀਆਂ ਜੜ੍ਹਾਂ ਅਤੇ ਫਲਾਂ ਦੇ ਅੰਦਰ ਤੱਕ ਪਹੁੰਚ ਜਾਂਦੇ ਹਨ। ਇਹ ਇਨਸਾਨੀ ਸਰੀਰ ਵਿੱਚ ਧੀਮੇ ਜ਼ਹਿਰ ਵਾਂਗ ਅਸਰ ਕਰਦੇ ਹਨ। ਇਸ ਨਾਲ ਕੈਂਸਰ, ਗੁਰਦੇ ਅਤੇ ਲੀਵਰ ਫੇਲ੍ਹ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਪੇਟ ਤੇ ਦਿਮਾਗ ’ਤੇ ਮਾੜਾ ਅਸਰ ਪੈਂਦਾ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਵਾਸਤੇ ਕਰੋੜਾਂ ਦੀ ਲਾਗਤ ਨਾਲ ਬਣੇ ਦੋ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸ ਟੀ ਪੀ) ਹਨ। ਇਨ੍ਹਾਂ ਵਿੱਚੋਂ ਇੱਕ ਜਲਾਲਾਬਾਦ ਰੋਡ ਉੱਪਰ ਅਤੇ ਦੂਸਰਾ ਬਲਮਗੜ੍ਹ ਰੋਡ ਉੱਤੇ ਸਥਿਤ ਹੈ। ਇਹ ਦੋਵੇਂ ਟ੍ਰੀਟਮੈਂਟ ਪਲਾਂਟ ਪਿਛਲੇ 2-3 ਸਾਲਾਂ ਤੋਂ ਪੂਰੀ ਤਰ੍ਹਾਂ ਬੰਦ ਪਏ ਹਨ ਅਤੇ ਇਨ੍ਹਾਂ ਦੀ ਮਸ਼ੀਨਰੀ ਕਬਾੜ ਹੋ ਚੁੱਕੀ ਹੈ। ਹੁਣ ਇਨ੍ਹਾਂ ਪਲਾਂਟਾਂ ਦਾ ਕੰਮ ਸਿਰਫ਼ ਗੰਦੇ ਪਾਣੀ ਨੂੰ ਲਿਫਟ ਕਰਕੇ ਖੇਤਾਂ ਜਾਂ ਸੇਮ ਨਾਲੇ ਵਿੱਚ ਸੁੱਟਣ ਤੱਕ ਹੀ ਰਹਿ ਗਿਆ ਹੈ। ਪਲਾਂਟਾਂ ਦੇ ਅੰਦਰ ਲੱਖਾਂ ਰੁਪਏ ਦੀਆਂ ਮੋਟਰਾਂ ਅਤੇ ਮਸ਼ੀਨਰੀ ਸਹੀ ਸੰਭਾਲ ਨਾ ਹੋਣ ਕਰਕੇ ਕਬਾੜ ਬਣ ਰਹੀ ਹੈ।

Advertisement

ਕੀ ਕਹਿਣਾ ਹੈ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ?

ਇਸ ਗੰਭੀਰ ਮਾਮਲੇ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਸ੍ਰੀ ਜਿੰਦਲ ਅਤੇ ਐੱਸ ਡੀ ਓ ਪਾਰਸ ਵਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਇਹ ਟ੍ਰੀਟਮੈਂਟ ਪਲਾਂਟ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਹਨ, ਜਿਸ ਕਾਰਨ ਸੀਵਰੇਜ ਦਾ ਪਾਣੀ ਸਿੱਧਾ ਹੀ ਖੇਤਾਂ ਨੂੰ ਸਪਲਾਈ ਹੋ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਪਲਾਂਟਾਂ ਦੀ ਉਸਾਰੀ ਦਾ ਕੰਮ ਜਾਰੀ ਹੈ ਅਤੇ ਸਬੰਧਤ ਏਜੰਸੀ ਨੂੰ ਇਹ ਪਲਾਂਟ ਮੁਕੰਮਲ ਕਰਨ ਲਈ ਸਤੰਬਰ 2026 ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਉਦੋਂ ਤੱਕ ਇਹ ਪਲਾਂਟ ਤਿਆਰ ਹੋ ਜਾਂਦੇ ਹਨ, ਤਾਂ ਉਸ ਤੋਂ ਬਾਅਦ ਪਾਣੀ ਨੂੰ ਟ੍ਰੀਟ (ਸਾਫ਼) ਕਰਕੇ ਹੀ ਸਪਲਾਈ ਕੀਤਾ ਜਾਵੇਗਾ।

Advertisement

ਲੋਕਾਂ ਦੀ ਮੰਗ: ਸਬਜ਼ੀਆਂ ਵਾਲੇ ਖੇਤਾਂ ਨੂੰ ਨਾ ਦਿੱਤਾ ਜਾਵੇ ਗੰਦਾ ਪਾਣੀ

ਦੂਜੇ ਪਾਸੇ, ਸ਼ਹਿਰ ਵਾਸੀਆਂ ਅਤੇ ਸੂਝਵਾਨ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਦੋਂ ਤੱਕ ਨਵੇਂ ਪਲਾਂਟ ਚਾਲੂ ਨਹੀਂ ਹੁੰਦੇ, ਉਦੋਂ ਤੱਕ ਸੀਵਰੇਜ ਦਾ ਇਹ ਜ਼ਹਿਰੀਲਾ ਅਤੇ ਗੰਦਾ ਪਾਣੀ ਸਬਜ਼ੀਆਂ ਤੇ ਫਲਾਂ ਵਾਲੇ ਖੇਤਾਂ ਨੂੰ ਬਿਲਕੁਲ ਨਾ ਲਾਇਆ ਜਾਵੇ, ਤਾਂ ਜੋ ਇਨਸਾਨੀ ਸਿਹਤ ਨੂੰ ਹੋ ਰਹੇ ਵੱਡੇ ਨੁਕਸਾਨ ਅਤੇ ਭਿਆਨਕ ਬਿਮਾਰੀਆਂ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ।

Advertisement
×