ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਮਈ
ਪੰਜਾਬ ਸਰਕਾਰ ਨੇ ਕੁਝ ਘੰਟਿਆਂ ਲਈ ਉਧਾਰ ’ਚ ਆਕਸੀਜਨ ਦੇ ਕੇ ਹਰਿਆਣਾ ਦੇ ਕਰੀਬ 250 ਕਰੋਨਾ ਮਰੀਜ਼ਾਂ ਦੀ ਜਾਨ ਬਚਾਈ। ਇਨਸਾਨੀਅਤ ਨਾਤੇ ਪੰਜਾਬ ਸਰਕਾਰ ਨੇ ਪੰਚਕੂਲਾ ਦੇ ਸਰਕਾਰੀ ਹਸਪਤਾਲ ਨੂੰ ਉਧਾਰ ’ਚ ਕੁਝ ਘੰਟਿਆਂ ਲਈ ਆਕਸੀਜਨ ਦੀ ਸਪਲਾਈ ਦੇ ਦਿੱਤੀ, ਜਿਸ ਨਾਲ ਕਰੀਬ 250 ਕੋਵਿਡ ਮਰੀਜ਼ਾਂ ਦੀ ਜਾਨ ਬਚ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿਚ ਕਰੀਬ 11 ਵਜੇ ਸਿਰਫ ਤਿੰਨ ਘੰਟੇ ਦੀ ਆਕਸੀਜਨ ਰਹਿ ਗਈ ਸੀ, ਜਿਸ ਕਰਕੇ ਹਰਿਆਣਾ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹਰਿਆਣਾ ਸਰਕਾਰ ਨੇ ਉਦੋਂ ਹੀ ਪੰਜਾਬ ਸਰਕਾਰ ਨਾਲ ਤਾਲਮੇਲ ਕੀਤਾ ਅਤੇ ਕੁੱਝ ਘੰਟਿਆਂ ਲਈ ਆਕਸੀਜਨ ਉਧਾਰੀ ਮੰਗੀ। ਪੰਜਾਬ ਸਰਕਾਰ ਨੇ ਖੁੱਲ੍ਹ ਦਿਲੀ ਦਿਖਾਉਂਦਿਆਂ ਪਟਿਆਲਾ ਤੋਂ ਆਕਸੀਜਨ ਦਾ ਪ੍ਰਬੰਧ ਕਰ ਕੇ ਪੰਚਕੂਲਾ ਹਸਪਤਾਲ ਨੂੰ ਦੇ ਦਿੱਤਾ।