ਚਰਨਜੀਤ ਸਿੰਘ ਢਿੱਲੋਂ
ਸਤਲੁਜ ਦਰਿਆ ਨੇੜੇ ਵਸੇ ਪਿੰਡ ਮੱਧੇਪੁਰ ਦੇ ਖੇਤਾਂ ’ਚੋਂ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਹੈ। ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਰਫ ਏਕਮ ਵਜੋਂ ਹੋਈ, ਜੋ ਪਿੰਡ ਉਦੇਵਾਲ (ਮਹਿਤਪੁਰ) ਜਲੰਧਰ ਦਾ ਰਹਿਣ ਵਾਲਾ ਸੀ।
ਜਦੋਂ ਜਸਵਿੰਦਰ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਲਾਸ਼ ਦੀ ਪਛਾਣ ਕੀਤੀ। ਮੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਲਾਸ਼ ’ਤੇ ਸੱਟਾਂ ਦੇ ਨਿਸ਼ਾਨ ਸਨ, ਜਿਸ ਕਾਰਨ ਮਾਮਲਾ ਸ਼ੱਕੀ ਜਾਪਦਾ ਹੈ। ਲਾਸ਼ ਮਿਲਣ ਵਾਲਾ ਖੇਤਰ ਥਾਣਾ ਸਿੱਧਵਾਂ ਬੇਟ ਅਧੀਨ ਹੋਣ ਕਾਰਨ ਪੁਲੀਸ ਨੇ ਮ੍ਰਿਤਕ ਦੇ ਸਕੇ ਭਰਾ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਜਸਵਿੰਦਰ ਸਿੰਘ ਦੇ ਕਰੀਬੀ ਦੋਸਤ ਜਸ਼ਨਦੀਪ ਸਿੰਘ ਵਾਸੀ ਰਾਮੂਵਾਲ ਕਲੋਨੀ ਜਲੰਧਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੁਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਜਸਵਿੰਦਰ ਦਾ ਕਤਲ ਕਰ ਕੇ ਲਾਸ਼ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਖੇਤਾਂ ਵਿੱਚ ਸੁੱਟ ਦਿੱਤੀ। ਜਸ਼ਨਦੀਪ ਸਿੰਘ ਪਹਿਲੀ ਮਈ ਦੀ ਰਾਤ ਉਨ੍ਹਾਂ ਦੇ ਘਰ ਰੁਕਿਆ ਸੀ, ਅਗਲੇ ਦਿਨ ਤੋਂ ਜਸਵਿੰਦਰ ਉਸ ਦੇ ਨਾਲ ਹੀ ਸੀ। ਤਿੰਨ ਮਈ ਤੱਕ ਉਸ ਦਾ ਕੋਈ ਸੁਰਾਗ ਨਹੀਂ ਲੱਗਾ, ਚਾਰ ਮਈ ਨੂੰ ਉਸ ਦੀ ਲਾਸ਼ ਮਿਲਣ ’ਤੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਸਬੰਧੀ ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਪੋਸਟਮਾਰਟਮ ਰਿਪੋਰਟ ਤੋਂ ਸਾਰੀ ਗੱਲ ਸਾਫ਼ ਹੋਣ ਦੀ ਸੰਭਾਵਨਾ ਹੈ। ਪੁਲੀਸ ਜਸ਼ਨਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ।

