ਚਮਕੌਰ ਸਾਹਿਬ ਪੁੱਜੇ ਨਵਜੋਤ ਸਿੱਧੂ ਨੂੰ ਦਿਖਾਏ ਕਾਲੇ ਝੰਡੇ

ਚਮਕੌਰ ਸਾਹਿਬ ਪੁੱਜੇ ਨਵਜੋਤ ਸਿੱਧੂ ਨੂੰ ਦਿਖਾਏ ਕਾਲੇ ਝੰਡੇ

ਚਮਕੌਰ ਸਾਹਿਬ ਵਿੱਚ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਸੰਜੀਵ ਬੱਬੀ/ਸੰਜੀਵ ਤੇਜਪਾਲ

ਚਮਕੌਰ ਸਾਹਿਬ/ਮੋਰਿੰਡਾ, 24 ਜੁਲਾਈ

ਇਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਨਤਮਸਤਕ ਹੋਣ ਪੁੱਜੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬੱਸ ਸਟੈਂਡ ਨੇੜੇ ਕਿਸਾਨਾਂ ਨੇ ਵਿਰੋਧ ਕੀਤਾ ਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ। ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਅਜਿਹਾ ਕੋਈ ਫੈਸਲਾ ਨਹੀਂ ਕਿ ਉਹ ਕਾਂਗਰਸੀ ਆਗੂਆਂ ਦਾ ਵਿਰੋਧ ਕਰਨ, ਪਰ ਆਮ ਲੋਕਾਂ ਵਿੱਚ ਖੇਤੀ ਕਾਨੂੰਨਾਂ ਸਬੰਧੀ ਐਨਾ ਰੋਸ ਹੈ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਪਿੰਡਾਂ ਵਿੱਚ ਵਿਚਰਨ ਨਹੀਂ ਦੇਣਾ ਚਾਹੁੰਦੇ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਕਮੇਟੀ, ਸੂਬਾ ਸਰਕਾਰ ਨਾਲ ਮਿਲ ਕੇ ਹਾਈ ਕਮਾਨ ਵੱਲੋਂ ਦਿੱਤੇ 18 ਨੁਕਾਤੀ ਏਜੰਡੇ ਨੂੰ ਪੰਜਾਬ ਵਿੱਚ ਲਾਗੂ ਕਰਵਾ ਕੇ ਮੁੜ ਸਰਕਾਰ ਬਣਾਏਗੀ। ਇਹ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਲਾ ‘ਪੰਜਾਬ ਮਾਡਲ’ ਹੈ ਜਿਸ ਦੇ ਅੱਗੇ ਗੁਜਰਾਤ ਅਤੇ ਦਿੱਲੀ ਮਾਡਲ ਫੇਲ੍ਹ ਹਨ। ਉਨ੍ਹਾਂ ਕਿਹਾ ਕਿ ਉਹ ਹਰ ਕਾਂਗਰਸੀ ਵਰਕਰ ਨੂੰ ਨਾਲ ਲੈ ਕੇ ਤੁਰਨਗੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਾਜ਼ਮਾਂ ਨੂੰ ਸਜ਼ਾ ਦਿਵਾ ਕੇ, ਨਸ਼ਾ, ਕੇਬਲ ਅਤੇ ਰੇਤ ਮਾਫੀਆ ਨੂੰ ਖ਼ਤਮ ਕਰਕੇ ਆਪਣੀ ਪ੍ਰਧਾਨਗੀ ਨੂੰ ਸਫ਼ਲ ਸਮਝਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦਾਂ ਬਾਰੇ ਸਿੱਧੂ ਨੇ ਕਿਹਾ ਕਿ ਮੈਂ ਸਿਰਫ਼ ਮੁੱਦਿਆਂ ਦੀ ਸਿਆਸਤ ਕੀਤੀ ਅਤੇ ਮੁੱਦਿਆਂ ਕਾਰਨ ਹੀ ਮਤਭੇਦ ਸਨ। ਇਹ ਸਾਰੇ ਮੁੱਦੇ ਕਾਂਗਰਸ ਹਾਈਕਮਾਨ ਨੇ 18 ਨੁਕਾਤੀ ਏਜੰਡੇ ਵਿੱਚ ਸ਼ਾਮਲ ਕਰਕੇ ਇਨ੍ਹਾਂ ਨੂੰ ਸਮਾਂਬੱਧ ਤਰੀਕੇ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਹੈ। ਇਸ ਲਈ ਹੁਣ ਉਹ ਸਾਰੇ ਮਤਭੇਦਾਂ ਨੂੰ ਪਾਸੇ ਕਰਕੇ ਸਰਕਾਰ ਤੋਂ ਇਹ ਏਜੰਡਾ ਲਾਗੂ ਕਰਵਾਉਣ ਲਈ ਪੂਰੀ ਵਾਹ ਲਾਉਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੀ ਸਿੱਖ ਸੰਗਤ ’ਤੇ ਗੋਲੀ ਚਲਾਉਣ ਲਈ ਤਤਕਾਲੀ ਅਕਾਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਜੇਕਰ ਉਹ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਨਾ ਦਿਵਾ ਸਕੇ ਤਾਂ ਫ਼ਿਰ ਪ੍ਰਧਾਨਗੀ ਦੇ ਕੋਈ ਮਾਇਨੇ ਨਹੀਂ ਹੋਣਗੇ। ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਕਿਸਾਨ ਉਨ੍ਹਾਂ ਦੀ ਪੱਗ ਹਨ ਅਤੇ ਜਦੋਂ ਵੀ ਉਹ ਉਸ ਨੂੰ ਬੁਲਾਉਣਗੇ, ਉਹ ਨੰਗੇ ਪੈਰੀਂ ਅੰਦੋਲਨ ਵਿੱਚ ਜਾਣਗੇ ਤੇ ਕਿਸਾਨ ਆਗੂਆਂ ਤੋਂ ਆਸ਼ੀਰਵਾਦ ਲੈਣਗੇ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੂਰੀ ਵਾਹ ਲਾਉਣਗੇ।  

ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੁੰਦੇ ਹੋਏ ਨਵਜੋਤ ਸਿੰਘ ਸਿੱਧੂ।

ਨਵਜੋਤ ਸਿੱਧੂ ਗੁਰਦੁਆਰਾ ਕਤਲਗੜ੍ਹ ਸਾਹਿਬ ਨਤਮਸਤਕ

ਚਮਕੌਰ ਸਾਹਿਬ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਇੱਥੇ ਪੁੱਜਣ ’ਤੇ ਕਮਲ ਪੈਲੇਸ ਨੇੜੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਗਰ ਪੰਚਾਇਤ ਦੇ ਕਾਂਗਰਸੀ ਕੌਂਸਲਰਾਂ ਅਤੇ ਆਗੂਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸ੍ਰੀ ਸਿੱਧੂ ਕੁਝ ਸਮਾਂ ਮੰਤਰੀ ਚੰਨੀ ਦੇ ਮੰਡੀ ਸਥਿਤ ਦਫ਼ਤਰ ਵਿੱਚ ਵੀ ਰੁਕੇ ਅਤੇ ਚਮਕੌਰ ਸਾਹਿਬ ’ਚ ਚੱਲ ਰਹੇ ਪ੍ਰਾਜੈਕਟਾਂ ਬਾਰੇ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਸ੍ਰੀ ਚੰਨੀ ਨੇ ਨਵ-ਨਿਯੁਕਤ ਪ੍ਰਧਾਨ ਨੂੰ ਕਾਫ਼ਲੇ ਸਣੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਾਉਂਦੇ ਹੋਏ   ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪਹੁੰਚਾਇਆ, ਜਿੱਥੇ ਉਹ ਨਤਮਸਤਕ ਹੋਏ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਇਸ ਸਮੁੱਚੇ ਘਟਨਾਕ੍ਰਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਾਰਾ ਕੁਝ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੁਲੀਸ ਦੀ ਸ਼ਹਿ ’ਤੇ ਕੀਤਾ ਗਿਆ ਹੈ। ਇਸ ਮੌਕੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਸਣੇ ਹੋਰ ਉੱਘੇ ਆਗੂ ਵੀ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All