ਪਰਸ਼ੋਤਮ ਬੱਲੀ
ਬਰਨਾਲਾ, 2 ਨਵੰਬਰ
ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ 5 ਨਵੰਬਰ ਨੂੰ 4 ਘੰਟੇ (12 ਤੋਂ 4 ਵਜੇ ਤਕ) ਦੇਸ਼ ਵਿਆਪੀ ਸੜਕਾਂ ਜਾਮ ਕਰਨ ਦੇ ਸੱਦੇ ਦੀ ਮੁਕੰਮਲ ਕਾਮਯਾਬੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਗੁਰਦੁਆਰਾ ਅੜੀਸਰ ਸਾਹਿਬ ਵਿਚ ਸੂਬਾ ਪੱਧਰੀ ਤਿਆਰੀ ਮੀਟਿੰਗ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਮੌਜੂਦਾ ਘੋਲ ਦੇ ਵੱਖ-ਵੱਖ ਪੜਾਵਾਂ ’ਤੇ ਬੀਤੇ ਤਿੰਨ ਮਹੀਨਿਆਂ ਦੌਰਾਨ ਪੰਜਾਬ ਭਰ ਦੇ ਪੇਂਡੂ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਸਮੇਤ ਹਰ ਵਰਗ ਦੇ ਸ਼ਹਿਰੀਆਂ ਵੱਲੋਂ ਮਿਲੇ ਸਹਿਯੋਗ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ 5 ਨਵੰਬਰ ਨੂੰ ਉਨ੍ਹਾਂ ਦੀ ਜਥੇਬੰਦੀ ਵੱਲੋਂ 14 ਜ਼ਿਲ੍ਹਿਆਂ ਵਿੱਚ 26 ਥਾਵਾਂ ’ਤੇ ਚੱਕਾ ਜਾਮ ਅਤੇ 2 ਨਿੱਜੀ ਥਰਮਲਾਂ ਦੇ ਕੋਲਾ ਰੋਕੋ ਘਿਰਾਓ ਰਾਹੀਂ ਮੋਦੀ ਹਕੂਮਤ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਹਰਿਆਣਾ ਰਾਜਸਥਾਨ ਦੇ ਕਿਸਾਨਾਂ ਨਾਲ ਵੀ ਰਾਬਤਾ ਬਣਾ ਕੇ ਸਾਂਝੇ ਐਕਸ਼ਨਾਂ ਦੀ ਲੜੀ ਤੋਰੀ ਜਾ ਰਹੀ ਹੈ। ਸਟੇਜ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਸੱਦਾ ਦਿੱਤਾ ਕਿ 5 ਨਵੰਬਰ ਦੇ ਹਾਈਵੇਅ ਜਾਮ ਨੂੰ ਵੱਡੇ ਇਕੱਠ ਕਰ ਕੇ ਕਾਮਯਾਬ ਕੀਤਾ ਜਾਵੇ।