DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

BKU ਏਕਤਾ (ਉਗਰਾਹਾਂ) ਵੱਲੋਂ 12 ਮਈ ਨੂੰ ਥਾਣੇ ਅੱਗੇ ਧਰਨਾ ਲਗਾਉਣ ਦਾ ਐਲਾਨ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਹਿਲ ਕਲਾਂ ਵੱਲੋਂ ਪਿੰਡ ਭੱਦਲਵੱਡ ਵਿਖੇ ਇੱਕ ਭਾਰੀ ਇਕੱਠ ਕਰਕੇ ਇਲਾਕਾ ਨਿਵਾਸੀਆਂ ਨੂੰ ਇੱਕ ਧਨਾਢ ਵਿਅਕਤੀ ਵੱਲੋਂ ਕਿਸਾਨ ਦੀ ਫ਼ਸਲ ਵਾਹੇ ਜਾਣ ਅਤੇ ਜਾਨਲੇਵਾ ਹਮਲਾ ਕਰਨ ਵਿਰੁੱਧ ਲਾਮਬੰਦ ਕੀਤਾ ਗਿਆ। ਜਥੇਬੰਦੀ ਨੇ ਐਲਾਨ ਕੀਤਾ...

  • fb
  • twitter
  • whatsapp
  • whatsapp
featured-img featured-img
ਪਿੰਡ ਭੱਦਲਵਢ ਵਿਖੇ ਮੀਟਿੰਗ ਕਰਦੇ ਹੋਏ ਬੀਕੇਯੂ ਉਗਰਾਹਾਂ ਦੇ ਆਗੂ ਤੇ ਵਰਕਰ।
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਹਿਲ ਕਲਾਂ ਵੱਲੋਂ ਪਿੰਡ ਭੱਦਲਵੱਡ ਵਿਖੇ ਇੱਕ ਭਾਰੀ ਇਕੱਠ ਕਰਕੇ ਇਲਾਕਾ ਨਿਵਾਸੀਆਂ ਨੂੰ ਇੱਕ ਧਨਾਢ ਵਿਅਕਤੀ ਵੱਲੋਂ ਕਿਸਾਨ ਦੀ ਫ਼ਸਲ ਵਾਹੇ ਜਾਣ ਅਤੇ ਜਾਨਲੇਵਾ ਹਮਲਾ ਕਰਨ ਵਿਰੁੱਧ ਲਾਮਬੰਦ ਕੀਤਾ ਗਿਆ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਪੁਲੀਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਵਿਰੁੱਧ 12 ਮਈ ਨੂੰ ਥਾਣਾ ਠੁੱਲੀਵਾਲ ਮੂਹਰੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।

ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਬੁੱਕਣ ਸਿੰਘ ਸੱਦੋਵਾਲ, ਕ੍ਰਿਸ਼ਨ ਸਿੰਘ ਛੰਨਾ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਅਤੇ ਕੁਲਜੀਤ ਸਿੰਘ ਵਜੀਦਕੇ ਨੇ ਦੱਸਿਆ ਕਿ ਕਿਸਾਨ ਨਿਰਭੈ ਸਿੰਘ ਦੀ ਇੱਕ ਏਕੜ ਮੱਕੀ ਅਤੇ ਛੇ ਕਨਾਲ ਹਰਾ ਚਾਰਾ ਪਿੰਡ ਦੇ ਇੱਕ ਵਿਅਕਤੀ ਨੇ 16 ਅਪਰੈਲ ਨੂੰ ਟਰੈਕਟਰ ਨਾਲ ਵਾਹ ਦਿੱਤਾ ਸੀ। ਇਸ ਸਬੰਧੀ ਥਾਣਾ ਠੁੱਲੀਵਾਲ, ਡੀ.ਐਸ.ਪੀ. ਮਹਿਲ ਕਲਾਂ ਅਤੇ ਐਸ.ਐਸ.ਪੀ. ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ।

Advertisement

ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਕਥਿਤ ਪੁਸ਼ਤਪਨਾਹੀ ਕਾਰਨ ਸ਼ੈਅ ਵਿੱਚ ਆਏ ਉਕਤ ਧਨਾਡ ਕਿਸਾਨ ਨੇ 24 ਅਪਰੈਲ ਨੂੰ ਦੋ ਨਕਾਬਪੋਸ਼ ਗੁੰਡਿਆਂ ਨਾਲ ਮਿਲ ਕੇ ਖੇਤ ਵਿੱਚ ਕੰਮ ਕਰ ਰਹੇ ਨਿਰਭੈ ਸਿੰਘ 'ਤੇ ਰਿਵਾਲਵਰ ਨਾਲ ਫਾਇਰਿੰਗ ਕੀਤੀ ਅਤੇ ਕਿਰਚਾਂ-ਸੋਟੀਆਂ ਨਾਲ ਹਮਲਾ ਕਰ ਦਿੱਤਾ। ਨਿਰਭੈ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਰਿਹਾ।

Advertisement

ਉਹਨਾਂ ਮੰਗ ਕੀਤੀ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਵਾਰਦਾਤ ਵਿੱਚ ਵਰਤਿਆ ਟਰੈਕਟਰ ਅਤੇ ਰਿਵਾਲਵਰ ਜ਼ਬਤ ਕੀਤਾ ਜਾਵੇ। ਪੁਲੀਸ ਵੱਲੋਂ ਦਰਜ ਕੇਸ ਵਿੱਚ ਨਿਗੂਣੀਆਂ ਧਾਰਾਵਾਂ ਦੀ ਥਾਂ ਸਖ਼ਤ ਧਾਰਾਵਾਂ ਦਾ ਵਾਧਾ ਕੀਤਾ ਜਾਵੇ ਅਤੇ ਵਾਹੀ ਗਈ ਫ਼ਸਲ ਦਾ ਬਣਦਾ ਮੁਆਵਜ਼ਾ ਦਿਵਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ।

Advertisement
×