BJP ਪੰਜਾਬ ਇੰਚਾਰਜ Satish Poonia ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਆਪਣੇ ਪੰਜਾਬ ਦੌਰੇ ਦਾ ਕੀਤਾ ਐਲਾਨ
ਨਵੀਆਂ ਜ਼ਿੰਮੇਵਾਰੀਆਂ ਨਾਲ ਉਸੇ ਧਰਤੀ 'ਤੇ ਵਾਪਸ ਆ ਰਿਹਾ: ਪੂਨੀਆ
ਭਾਜਪਾ ਪੰਜਾਬ ਦੇ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਨੇ ਸੋਮਵਾਰ ਨੂੰ ਇੱਕ ਪੋਸਟ ਵਿੱਚ ਆਪਣੇ ਪੰਜਾਬ ਦੌਰੇ ਦਾ ਐਲਾਨ ਕੀਤਾ। ਪੋਸਟ ਵਿੱਚ, ਉਨ੍ਹਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ ਸਰਹੱਦੀ ਸੂਬੇ ਵਿੱਚ ਪਾਰਟੀ ਦੇ ਯੁਵਾ ਵਿੰਗ ਦੇ ਮੁਖੀ ਸਨ।
ਪੂਨੀਆ ਨੇ 2027 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸੂਬੇ ਵਿੱਚ ਪਾਰਟੀ ਦੇ ਵਿਸਥਾਰ ਲਈ ਆਪਣਾ ਪੰਜਾਬ ਦੌਰਾ ਸ਼ੁਰੂ ਕੀਤਾ ਹੈ। ਪੂਨੀਆ ਸਾਰੇ ਪ੍ਰਮੁੱਖ ਹਲਕਿਆਂ ਦਾ ਦੌਰਾ ਕਰਨਗੇ ਅਤੇ ਚੋਣ ਰਣਨੀਤੀਆਂ ਬਣਾਉਣ ਲਈ ਵਰਕਰਾਂ ਨਾਲ ਮੁਲਾਕਾਤ ਕਰਨਗੇ। ਉਹ ਅੱਜ ਚੰਡੀਗੜ੍ਹ, ਕੱਲ੍ਹ ਜਲੰਧਰ ਅਤੇ 2 ਸਤੰਬਰ ਨੂੰ ਜਲੰਧਰ ਅਤੇ ਅੰਮ੍ਰਿਤਸਰ ਜਾਣਗੇ।
ਪੂਨੀਆ ਨੇ ਐਕਸ (X) ’ਤੇ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਮੁਖੀ ਵਜੋਂ ਆਪਣੀ ਭੂਮਿਕਾ ਨੂੰ ਦਰਸਾਉਂਦੀਆਂ ਕੁਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, “ਅੱਜ ਅਸੀਂ ਨਵੀਆਂ ਜ਼ਿੰਮੇਵਾਰੀਆਂ, ਪੁਰਾਣੇ ਰਿਸ਼ਤਿਆਂ ਅਤੇ ਨਵੇਂ ਸੰਕਲਪ ਨਾਲ ਦੁਬਾਰਾ ਮਿਲ ਰਹੇ ਹਾਂ।”
ਪੂਨੀਆ ਨੇ ਕਿਹਾ, "ਕੁਝ ਤਸਵੀਰਾਂ ਸਿਰਫ਼ ਤਸਵੀਰਾਂ ਨਹੀਂ ਹੁੰਦੀਆਂ, ਇਹ ਜ਼ਿੰਦਗੀ ਦੇ ਉਸ ਸਫ਼ਰ ਦੀਆਂ ਯਾਦਾਂ ਹੁੰਦੀਆਂ ਹਨ ਜਿੱਥੇ ਸਾਡੀ ਸੰਗਠਨਾਤਮਕ ਯਾਤਰਾ ਨੇ ਇੱਕ ਨਵੀਂ ਦਿਸ਼ਾ ਫੜੀ ਹੁੰਦੀ ਹੈ। ਪਿੱਛੇ ਮੁੜ ਕੇ ਦੇਖਦਿਆਂ, ਮੈਨੂੰ ਸੰਗਠਨ ਦੁਆਰਾ ਦਿੱਤੀ ਗਈ ਹਰ ਜ਼ਿੰਮੇਵਾਰੀ ਵਿੱਚ ਸਿੱਖਣ, ਸੰਘਰਸ਼ ਅਤੇ ਤਜ਼ਰਬੇ ਦਾ ਇੱਕ ਲੰਮਾ ਸਫ਼ਰ ਦਿਖਾਈ ਦਿੰਦਾ ਹੈ। ਸਮਾਂ ਬਦਲ ਗਿਆ ਹੈ, ਜ਼ਿੰਮੇਵਾਰੀਆਂ ਬਦਲ ਗਈਆਂ ਹਨ, ਪਰ ਸੰਗਠਨ ਪ੍ਰਤੀ ਮੇਰਾ ਸਮਰਪਣ ਅਤੇ ਜਨੂੰਨ ਅੱਜ ਵੀ ਉਹੀ ਹੈ। ਦੋ ਦਹਾਕੇ ਪਹਿਲਾਂ, ਸੰਗਠਨ ਨੇ ਮੈਨੂੰ ਭਾਜਪਾ ਯੁਵਾ ਮੋਰਚਾ, ਪੰਜਾਬ ਦਾ ਸੂਬਾ ਇੰਚਾਰਜ ਨਿਯੁਕਤ ਕਰਕੇ ਪੰਜਾਬ ਦੀ ਧਰਤੀ 'ਤੇ ਕੰਮ ਕਰਨ ਦਾ ਮੌਕਾ ਦਿੱਤਾ। ਉਹ ਸਮਾਂ ਜਵਾਨੀ ਦੀ ਊਰਜਾ ਨਾਲ ਸੰਗਠਨ ਪ੍ਰਤੀ ਪੂਰਨ ਸਮਰਪਣ ਦਾ ਸਮਾਂ ਸੀ—ਪੰਜਾਬ ਦੇ ਵਰਕਰਾਂ ਵਿੱਚ ਵਿਚਰਨਾ, ਹਰ ਪਿੰਡ ਅਤੇ ਹਰ ਬੂਥ ਤੱਕ ਪਹੁੰਚਣਾ ਅਤੇ ਸੀਨੀਅਰ ਲੀਡਰਾਂ ਦੀ ਅਗਵਾਈ ਹੇਠ ਬਹੁਤ ਕੁਝ ਸਿੱਖਣਾ ਮੇਰੇ ਜੀਵਨ ਦੀਆਂ ਕਦੇਂ ਨਾ ਮਿੱਟਣ ਵਾਲੀਆਂ ਯਾਦਾਂ ਵਿੱਚ ਸ਼ਾਮਲ ਹਨ।"
ਉਨ੍ਹਾਂ ਕਿਹਾ ਕਿ ਅੱਜ ਉਹ ਇੱਕ ਨਵੀਂ ਜ਼ਿੰਮੇਵਾਰੀ ਨਾਲ ਪੰਜਾਬ ਦੀ ਉਸੇ ਮਿੱਟੀ ਵਿੱਚ ਵਾਪਸ ਆ ਰਹੇ ਹਨ।
ਉਨ੍ਹਾਂ ਨੇ ਐਲਾਨ ਕੀਤਾ, “ਭਾਰਤੀ ਜਨਤਾ ਪਾਰਟੀ ਵੱਲੋਂ ਮੈਨੂੰ ਪੰਜਾਬ ਦਾ ਸੂਬਾ ਇੰਚਾਰਜ ਨਿਯੁਕਤ ਕਰਨ ਵਿੱਚ ਜਿਹੜਾ ਭਰੋਸਾ ਪ੍ਰਗਟਾਇਆ ਗਿਆ ਹੈ, ਮੈਂ ਉਸ ਨੂੰ ਪੂਰੀ ਜ਼ਿੰਮੇਵਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਉਣ ਲਈ ਵਚਨਬੱਧ ਹਾਂ।”
ਭਾਜਪਾ ਨੇ ਕਿਹਾ ਹੈ ਕਿ ਉਹ ਇਸ ਵਾਰ ਸੂਬੇ ਦੀਆਂ ਸਾਰੀਆਂ 117 ਸੀਟਾਂ ਦੀ ਤਿਆਰੀ ਕਰੇਗੀ ਅਤੇ ਚੋਣ ਲੜੇਗੀ।

