ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਭਾਜਪਾ ਘੱਟ ਗਿਣਤੀ ਸੈੱਲ ਦਾ ਮੈਂਬਰ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 19 ਜੂਨ
ਆਜ਼ਾਦ ਉਮੀਦਵਾਰ ਵਜੋਂ ਕੌਂਸਲਰ ਦੀ ਚੋਣ ਲੜ ਚੁੱਕੇ ਭਾਜਪਾ ਘੱਟਗਿਣਤੀ ਸੈੱਲ ਦੇ ਮੈਂਬਰ ਨੌਸ਼ਾਦ ਆਲਮ ਵਾਸੀ ਸ਼ਿਵ ਨਗਰ, ਜਲੰਧਰ ਨੂੰ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਥਾਣਾ ਇਕ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।
15 ਸਾਲ ਦੀ ਨਾਬਾਲਗ ਨੂੰ ਅਪਰੈਲ ਵਿੱਚ ਕਿਸੇ ਲੜਕੇ ਵੱਲੋਂ ਵਰਗਲਾ ਕੇ ਲੈ ਜਾਣ ਮਗਰੋਂ ਪੀੜਤ ਪਰਿਵਾਰ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਮਗਰੋਂ ਪੁਲੀਸ ਵੱਲੋਂ ਲੜਕੀ ਨੂੰ ਬਰਾਮਦ ਕਰ ਲਿਆ ਗਿਆ। ਇਸ ਤਹਿਤ ਥਾਣਾ ਡਿਵੀਜ਼ਨ ਦੋ ਵਿੱਚ ਕੇਸ ਦਰਜ ਹੋਇਆ ਸੀ। ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਨਾਬਾਲਗ ਨੂੰ ਨਾਰੀ ਨਿਕੇਤਨ ਭੇਜਣ ਦੇ ਹੁਕਮ ਦਿੱਤੇ ਗਏ। ਨਾਬਾਲਗ ਦੀ ਮਾਤਾ ਨੇ ਦੱਸਿਆ ਕਿ ਧੀ ਦੇ ਨਾਰੀ ਨਿਕੇਤਨ ’ਚ ਭੇਜਣ ਦੇ ਚਾਰ-ਪੰਜ ਦਿਨ ਮਗਰੋਂ ਨੌਸ਼ਾਦ ਨੇ ਲੜਕੀ ਨੂੰ ਨਾਰੀ ਨਿਕੇਤਨ ਤੋਂ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਕਿਹਾ ਤਾਂ ਉਹ ਧੀ ਨੂੰ ਉਥੋਂ ਵਾਪਸ ਲੈ ਆਈ। ਫਿਰ ਨੌਸ਼ਾਦ ਇਹ ਕਹਿ ਕੇ ਕੁੜੀ ਨੂੰ ਆਪਣੇ ਘਰ ਲੈ ਗਿਆ ਕਿ ਇਹ ਹੁਣ ਮਾਪਿਆਂ ਦੇ ਘਰ ਸੁਰੱਖਿਅਤ ਨਹੀਂ ਹੈ, ਜਿਸ ਕਰ ਕੇ ਲੜਕੀ ਨੂੰ ਉਸ ਦੇ ਘਰ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਕੁਝ ਦਿਨ ਬਾਅਦ ਪਹਿਲਾਂ ਦੋ ਪਤਨੀਆਂ ਨਾਲ ਰਹਿ ਰਹੇ ਨੌਸ਼ਾਦ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਨੇ ਉਨ੍ਹਾਂ ਦੀ ਨਾਬਾਲਗ ਧੀ ਨਾਲ ਵਿਆਹ ਕਰ ਲਿਆ ਹੈ।
ਪੁਲੀਸ ਨੇ ਲੜਕੀ ਨੂੰ ਡਾਕਟਰੀ ਜਾਂਚ ਲਈ ਸਿਵਲ ਹਸਪਤਾਲ ਭੇਜਿਆ ਤੇ ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਨੌਸ਼ਾਦ ਆਲਮ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ।