DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਜਪਾ ਸਿਆਸੀ ਪਾਰਟੀਆਂ ਨੂੰ ਖ਼ਤਮ ਕਰਨ ਲੱਗੀ: ਬਘੇਲ

ਮਾਲੇਕੋਟਲਾ ’ਚ ਕਾਂਗਰਸ ਦੀ ਰੈਲੀ

  • fb
  • twitter
  • whatsapp
  • whatsapp
featured-img featured-img
ਮਾਲੇਰਕੋਟਲਾ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ।
Advertisement

ਕਾਂਗਰਸ ਵੱਲੋਂ ਸ਼ੁਰੂ ਕੀਤੀ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਿਸ਼ਾਤ ਅਖ਼ਤਰ ਦੀ ਅਗਵਾਈ ਹੇਠ ਰੈਲੀ ਕੀਤੀ ਗਈ। ਰੈਲੀ ’ਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਪੰਜਾਬ ਦੇ ਸੀਨੀਅਰ ਆਗੂ ਸ਼ਾਮਲ ਹੋਏ। ਇਸ ਦੌਰਾਨ ਕਾਂਗਰਸੀ ਵਰਕਰਾਂ ਨੂੰ ਭੁਪੇਸ਼ ਬਘੇਲ ਨੇ ਕਿਹਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਦੇਸ਼ ਦੀ ਜਨਤਾ ਖੜ੍ਹੀ ਹੋ ਗਈ ਹੈ। ਜੰਤਰ ਮੰਤਰ ’ਤੇ ਮੋਰਚੇ ’ਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਭਾਰਤੀ ਲੋਕਤੰਤਰ ਲਈ ਸ਼ੁਭ ਸੰਕੇਤ ਦੱਸਦਿਆਂ ਕਿਹਾ ਕਿ ਜਵਾਨੀ ਦੇ ਰੋਹ ਅੱਗੇ ਪ੍ਰਧਾਨ ਮੰਤਰੀ ਨੂੰ ਆਪਣੇ ਸਿੱਖਿਆ ਮੰਤਰੀ ਨੂੰ ਵਜ਼ਾਰਤ ’ਚੋਂ ਕੱਢਣਾ ਪਿਆ। ਇਸ ਦੌਰਾਨ ਉਨ੍ਹਾਂ ਭਾਜਪਾ ’ਤੇ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਤੋੜ ਕੇ ਖਤਮ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਪੰਜਾਬ ਅੰਦਰ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਨੂੰ ਸਫਲ ਦੱਸਿਆ ਕਿਹਾ ਕਿ 21 ਜੁਲਾਈ ਤੋਂ ਆਰੰਭੀ ਇਸ ਮੁਹਿੰੰਮ ਨੂੰ ਹੁਣ ਤੱਕ 18 ਜ਼ਿਲ੍ਹਿਆਂ ’ਚ ਭਰਵਾਂ ਹੁੰਗਾਰਾ ਮਿਲਿਆ ਹੈ। ਬਘੇਲ ਨੇ ਕਿਹਾ ਕਿ ਕਾਂਗਰਸ ’ਚ ਮੌਜੂਦ ਸਲੀਪਰ ਸੈੱਲਾਂ ਦੀ ਪਛਾਣ ਕਰ ਕੇ ਪਾਰਟੀ ’ਚੋਂ ਕੱਢਿਆ ਜਾਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਇੱਕ ਮਹੀਨੇ ’ਚ ਪੰਜਾਬ ’ਚੋਂ ਗੈਂਗਸਟਰਾਂ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ। ਸੰਗਰੂਰ ਕਾਂਗਰਸ ਰੈਲੀ ’ਚ ਖੌਰੂ ਪਾਉਣ ਵਾਲਿਆਂ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਵੱਲੋਂ ਉਨ੍ਹਾਂ ਦੀ ਪਛਾਣ ਕਰ ਕੇ ਅਨੁਸਾਸ਼ਨੀ ਕਮੇਟੀ ਨੂੰ ਲਿਖਤੀ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਇੱਕ ਦੋ ਦਿਨਾਂ ਅੰਦਰ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋ ਜਾਵੇਗੀ। ਰੈਲੀ ਨੂੰ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ, ਰਾਜ ਕੁਮਾਰ ਵੇਰਕਾ, ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਸੰਬੋਧਨ ਕੀਤਾ। ਸਾਬਕਾ ਵਿਧਾਇਕ ਜੱਸੀ ਖੰਗੂੜਾ ਨੂੰ ਰੈਲੀ ਦੇ ਪ੍ਰਬੰਧਕਾਂ ਵੱਲੋਂ ਰਾਜਾ ਵੜਿੰਗ ਦੇ ਨਾਲ ਹੀ ਮੁੱਖ ਸਟੇਜ ’ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ। ਜੱਸੀ ਖੰਗੂੜਾ ਦਾ ਮੁੱਖ ਮੰਚ ’ਤੇ ਵਿਰੋਧ ਕਰਦਿਆਂ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮੁਹੰਮਦ ਸ਼ਕੀਲ ਅਤੇ ਆਟੋ ਯੂਨੀਅਨ ਦੇ ਸਾਬਕਾ ਪ੍ਰਧਾਨ ਯਾਸ਼ੀਨ ਘੁੱਗੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਦੇ ਪਰਿਵਾਰ ਖ਼ਿਲਾਫ਼ ਬਿਆਨਬਾਜ਼ੀ ਕਰਨ ਵਾਲੇ ਅਜਿਹੇ ਵਿਅਕਤੀ ਲਈ ਸਟੇਜ ’ਤੇ ਕੋਈ ਜਗ੍ਹਾ ਨਹੀਂ ਹੋ ਸਕਦੀ। ਕਾਂਗਰਸੀ ਵਰਕਰਾਂ ਦਰਮਿਆਨ ਤਲਖੀ ਨੂੰ ਵੇਖਦਿਆਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖੁਦ ਸਟੇਜ ਤੋਂ ਹੇਠਾਂ ਆਏ ਅਤੇ ਵਰਕਰਾਂ ਨੂੰ ਸ਼ਾਂਤ ਕਰ ਕੇ ਉਨ੍ਹਾਂ ਦੇ ਨਾਲ ਫਰਸ਼ ’ਤੇ ਹੀ ਬੈਠ ਗਏ।

ਸੁਖਬੀਰ ਨੇ ਭਾਜਪਾ ਨਾਲ ਗੱਠਜੋੜ ਲਈ ਹਾੜੇ ਕੱਢੇ: ਬਘੇਲ

ਨੰਗਲ (ਬਲਵਿੰਦਰ ਰੈਤ): ਨੰਗਲ ਵਿੱਚ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੀ ਅਗਵਾਈ ਹੇਠ ਕਾਂਗਰਸ ਵੱਲੋਂ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਰੈਲੀ ਕੀਤੀ ਗਈ। ਰੈਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਸ਼ਿਰਕਤ ਕੀਤੀ। ਪਾਰਟੀ ਵਰਕਰਾਂ ਨੂੰ ਭੁਪੇਸ਼ ਬਘੇਲ ਨੇ ਕਿਹਾ ਕਿ ਦਿੱਲੀ ’ਚ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਰਸਾਉਂਦੀ ਹੈ ਕਿ ਸੁਖਬੀਰ ਬਾਦਲ ਭਾਜਪਾ ਨਾਲ ਸਮਝੌਤਾ ਕਰਨ ਲਈ ਹਾੜੇ ਕੱਢ ਰਹੇ ਹਨ ਪਰ ਉਹ ਪੰਜਾਬ ਵਿੱਚ ਕਦੇ ਵੀ ਸੱਤਾ ’ਚ ਨਹੀਂ ਆਉਣਗੇ। ‘ਆਪ’ ਸਰਕਾਰ ਤੋਂ ਪੰਜਾਬੀਆਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਇਕਜੁੱਟ ਹੈ। ਇਸ ਮੌਕੇ ਰਾਣਾ ਕੇ ਪੀ ਸਿੰਘ, ਸੁਜਾਨ ਠਾਕੁਰ, ਬਲਵੀਰ ਸਿੱਧੂ, ਸਿਮਰਜੀਤ ਸਿੰਘ ਬੈਂਸ, ਕੈਪਟਨ ਸੰਦੀਪ ਸੰਧੂ ਹਾਜ਼ਰ ਸਨ।

Advertisement

Advertisement
Advertisement
×