ਰਵਿੰਦਰ ਰਵੀ
ਬਰਨਾਲਾ, 3 ਫਰਵਰੀ
ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਦਮ ’ਤੇ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਮਿਲਣੇ ਔਖੇ ਹੋ ਗਏ ਹਨ। ਜ਼ਿਲ੍ਹਾ ਭਾਜਪਾ ਹੁਣ ਤਕ 33 ਵਾਰਡਾਂ ’ਚ ਸਿਰਫ਼ 17 ਉਮੀਦਵਾਰਾਂ ਦਾ ਹੀ ਐਲਾਨ ਕਰ ਸਕੀ ਹੈ। ਪਿਛਲੀ ਵਾਰ ਭਾਜਪਾ ਨੇ 3 ਸੀਟਾਂ ਜਿੱਤੀਆਂ ਸਨ। ਇਨ੍ਹਾਂ ਵਿੱਚੋਂ ਇਸ ਵਾਰ ਜ਼ਿਲ੍ਹਾ ਪ੍ਰਧਾਨ ਦੀ ਪਤਨੀ ਮੁੜ ਪਾਰਟੀ ਟਿਕਟ ’ਤੇ ਹੀ ਚੋਣ ਲੜ ਰਹੀ ਹੈ ਜਦਕਿ ਇੱਕ ਹੋਰ ਜੇਤੂ ਸੀਨੀਅਰ ਭਾਜਪਾ ਆਗੂ ਆਪਣੇ ਬੇਟੇ ਨੂੰ ਆਜ਼ਾਦ ਚੋਣ ਲੜਾ ਰਿਹਾ ਹੈ। ਐਤਕੀਂ ਚੋਣ ਲੜ ਰਹੇ ਕਿਸੇ ਭਾਜਪਾ ਉਮੀਦਵਾਰ ਨੇ ਨਾ ਤਾਂ ਕੋਈ ਵੱਡੀ ਰੈਲੀ ਕੀਤੀ ਹੈ ਅਤੇ ਨਾ ਹੀ ਪੋਸਟਰਾਂ, ਬੈਨਰਾਂ ਰਾਹੀਂ ਪ੍ਰਚਾਰ ਮਘਾਇਆ ਹੈ। ਪਾਰਟੀ ਦੇ ਅੰਦਰੂਨੀ ਹਿੱਸਿਆਂ ’ਚ ਇੱਕ-ਦੋ ਉਮੀਦਵਾਰ ਜ਼ਰੂਰ ਨਿੱਜੀ ਸੰਪਰਕਾਂ ਦੇ ਆਧਾਰ ’ਤੇ ਜ਼ੋਰ ਲਗਾ ਰਹੇ ਹਨ ਪਰ ਪਾਰਟੀ ਵੱਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਹੁਲਾਰਾ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਉਮੀਦਵਾਰ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿੱਚ ਲੱਗੇ ਹਨ। ਕਿਸਾਨ ਅੰਦੋਲਨ ਨੇ ਭਾਵੇਂ ਸਾਰੇ ਸਿਆਸੀ ਦਲਾਂ ਦੀ ਮੁਹਿੰਮ ਨੂੰ ਮੱਠਾ ਕੀਤਾ ਹੈ ਪਰ ਭਾਜਪਾ ਦੀ ਹਾਲਤ ਸਭ ਤੋਂ ਵੱਧ ਖ਼ਸਤਾ ਦਿਖਾਈ ਦੇ ਰਹੀ ਹੈ। ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਬਹੁਤੇ ਉਮੀਦਵਾਰ ਪਾਰਟੀ ਦੇ ਨਾਂ ’ਤੇ ਵੋਟ ਮੰਗਣ ਦੀ ਥਾਂ ਆਪਣੀ ‘ਸਮਾਜਸੇਵੀ’ ਛਵੀ ਨੂੰ ਉਭਾਰ ਕੇ ਵੋਟਰਾਂ ਦੇ ਹਾੜੇ ਕੱਢ ਰਹੇ ਹਨ। ਸਾਰੇ ਉਮੀਦਵਾਰ ਘਰ ਘਰ ਜਾ ਕੇ ਵੋਟਾਂ ਦੀ ਮੰਗ ਕਰਦੇ ਦਿਖਾਈ ਦੇ ਰਹੇ ਹਨ।
ਸ਼ਹਿਰ ਅੰਦਰ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਜ਼ਿਲ੍ਹਾ ਪ੍ਰਧਾਨ ਤੇ ਇੱਕ ਸੂਬਾ ਪੱਧਰੀ ਮਹਿਲਾ ਆਗੂ ਦੇ ਘਰ ਮੂਹਰੇ ਜਥੇਬੰਦੀਆਂ ਨੇ ਅੰਦੋਲਨ ਮਘਾਇਆ ਹੋਇਆ ਹੈ। ਭਾਜਪਾ ਖ਼ਿਲਾਫ਼ ਜਥੇਬੰਦੀਆਂ ਦੇ ਰੋਹ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਚੁਕੰਨਾ ਹੈ ਅਤੇ ਭਾਜਪਾ ਉਮੀਦਵਾਰਾਂ ਦੀਆਂ ਗਤੀਵਿਧੀਆਂ ’ਤੇ ਪੁਲੀਸ ਪ੍ਰਸ਼ਾਸਨ ਦੀ ਪੂਰੀ ਨਜ਼ਰ ਹੈ।
ਡੇਰਾਬੱਸੀ ’ਚ ਕਿਸਾਨਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ
ਡੇਰਾਬੱਸੀ (ਹਰਜੀਤ ਸਿੰਘ): ਨਗਰ ਕੌਂਸਲ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅਖ਼ੀਰਲੇ ਦਿਨ ਅੱਜ ਭਾਜਪਾ ਦੇ ਉਮੀਦਵਾਰਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਕਿਸਾਨਾਂ ਦੀ ਚਿਤਾਵਨੀ ਨੂੰ ਦੇਖਦਿਆਂ ਸਵੇਰ ਤੋਂ ਤਹਿਸੀਲ ਕੰਪਲੈਕਸ ਨੂੰ ਪੁਲੀਸ ਛਾਉਣੀ ਵਿੱਚ ਬਦਲ ਦਿੱਤਾ ਗਿਆ ਸੀ। ਭਾਜਪਾ ਉਮੀਦਵਾਰਾਂ ਨੇ ਭਾਰੀ ਪੁਲੀਸ ਸੁਰੱਖਿਆ ਹੇਠ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਕਿਸਾਨ ਜਥੇਬੰਦੀਆਂ ਨੇ ਕਾਲੇ ਝੰਡੇ ਦਿਖਾ ਕੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ। ਮੌਕੇ ’ਤੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਤਹਿਸੀਲ ਕੰਪਲੈਕਸ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਬੈਰੀਕੇਡਿੰਗ ਲਾ ਕੇ ਭਾਰੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਰੋਕਿਆ। ਇਸ ਦੌਰਾਨ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਉਹ ਭਾਜਪਾ ਦੇ ਉਮੀਦਵਾਰਾਂ ਨੂੰ ਨਗਰ ਕੌਂਸਲ ਚੋਣਾਂ ਲਈ ਪ੍ਰਚਾਰ ਨਹੀਂ ਕਰਨ ਦੇਣਗੇ।