ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਦੀ ਕੌਮੀ ਲੀਡਰਸ਼ਿਪ ਵੱਲੋਂ ਸਤੰਬਰ ਮਹੀਨੇ ਤੋਂ ਪੰਜਾਬ ਵਿੱਚ ਡੇਰੇ ਲਾਏ ਜਾਣਗੇ। ਇਸ ਦੌਰਾਨ ਚੋਣਾਂ ਤੱਕ ਘਰ-ਘਰ ਤੱਕ ਪਹੁੰਚ ਕਰ ਕੇ ਸੂਬੇ ’ਚ ਭਾਜਪਾ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ। ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ‘ਆਪ’ ਸਣੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਵਿਧਾਇਕਾਂ ਦੇ ਵੀ ਭਾਜਪਾ ’ਚ ਸ਼ਾਮਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਭਾਜਪਾ ਵੱਲੋਂ ਪੰਜਾਬ ਵਿੱਚ 15 ਸਤੰਬਰ ਤੋਂ ਨਸ਼ਿਆਂ ਅਤੇ ਅਮਨ-ਕਾਨੂੰਨ ਦੀ ਲਗਾਤਾਰ ਵਿਗੜ ਰਹੀ ਸਥਿਤੀ ਖ਼ਿਲਾਫ਼ ਚਾਰ ਯਾਤਰਾਵਾਂ ਕੱਢੀਆਂ ਜਾਣਗੀਆਂ, ਜਿਨ੍ਹਾਂ ’ਚੋਂ ਦੋ ਯਾਤਰਾਵਾਂ ਮਾਲਵਾ ਖੇਤਰ ਅਤੇ ਇਕ-ਇਕ ਯਾਤਰਾ ਮਾਝਾ ਤੇ ਦੋਆਬਾ ਖੇਤਰ ਵਿੱਚ ਕੱਢੀ ਜਾਵੇਗੀ। ਇਹ ਯਾਤਰਾਵਾਂ ਪੰਜਾਬ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਅਤੇ ਹੋਰਨਾਂ ਥਾਵਾਂ ਤੋਂ ਸ਼ੁਰੂ ਕਰ ਕੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ’ਚੋਂ ਹੁੰਦੇ ਹੋਏ ਇਕ ਥਾਂ ’ਤੇ ਖਤਮ ਕੀਤੀਆਂ ਜਾਣਗੀਆਂ। ਨਸ਼ਿਆਂ ਅਤੇ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਖ਼ਿਲਾਫ਼ ਕੱਢੀਆਂ ਜਾਣ ਵਾਲੀਆਂ ਚਾਰੋਂ ਯਾਤਰਾਵਾਂ ਵਿੱਚ ਵੱਖ-ਵੱਖ ਕੇਂਦਰੀ ਮੰਤਰੀ ਸ਼ਾਮਲ ਹੋਣਗੇ, ਜਦੋਂ ਕਿ ਸਮਾਪਤੀ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਣਗੇ। ਭਾਜਪਾ ਵੱਲੋਂ ਯਾਤਰਾਵਾਂ ਰਾਹੀਂ ਸਥਾਨਕ ਲੀਡਰਸ਼ਿਪ ਦੇ ਦਮ-ਖਮ ਨੂੂੰ ਵੀ ਪਛਾਣਿਆ ਜਾਵੇਗਾ। ਉਸ ਤੋਂ ਬਾਅਦ ਹੀ ਚੋਣਾਂ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਸਤੀਸ਼ ਪੂਨੀਆ ਦਾ ਪੰਜਾਬ ਦੌਰਾ ਭਲਕ ਤੋਂ
ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਤਿੰਨ ਰੋਜ਼ਾ ਦੌਰੇ ਲਈ ਪੰਜਾਬ ਆਉਣਗੇ। ਇਸ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਮੀਟਿੰਗਾਂ ਕਰ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਡਾ. ਸਤੀਸ਼ ਪੂਨੀਆ 31 ਅਗਸਤ ਤੋਂ 2 ਸਤੰਬਰ ਤੱਕ ਪੰਜਾਬ ਦੇ ਤਿੰਨ ਦਿਨਾਂ ਦੌਰੇ ’ਤੇ ਰਹਿਣਗੇ। 31 ਅਗਸਤ ਨੂੰ ਚੰਡੀਗੜ੍ਹ ਵਿੱਚ ਕੌਰ ਕਮੇਟੀ ਸਣੇ ਵੱਖ-ਵੱਖ ਵਿੰਗਾਂ ਨਾਲ ਮੀਟਿੰਗਾਂ ਕਰਨਗੇ। ਪਹਿਲੀ ਸਤੰਬਰ ਨੂੰ ਜਲੰਧਰ ਵਿੱਚ ਪੀ ਐੱਮ ਸੇਵਾ ਸੰਕਲਪ ਮੁਹਿੰਮ ਸਬੰਧੀ ਵਰਕਸ਼ਾਪ ਵਿੱਚ ਹਿੱਸਾ ਲੈਣਗੇ ਅਤੇ ਸੂਬਾਈ ਅਹੁਦੇਦਾਰਾਂ, ਜ਼ਿਲ੍ਹਾ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਨਾਲ ਮੀਟਿੰਗ ਕਰਨਗੇ। 2 ਸਤੰਬਰ ਨੂੰ ਅੰਮ੍ਰਿਤਸਰ ਸਥਿਤ ਭਾਜਪਾ ਦਫ਼ਤਰ ਦਾ ਦੌਰਾ ਕਰਨਗੇ ਅਤੇ ਦੁਰਗਿਆਣਾ ਮੰਦਰ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣਗੇ।

