ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਨਵੰਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੱਟੜ ਸਮਰਥਕ ਸੰਜੀਵ ਬਿੱਟੂ ਨੂੰ ਭਾਵੇਂ ਨਗਰ ਨਿਗਮ ਦੇ ਹਾਊਸ ਨੇ ਬਹੁਮੱਤ ਨਾ ਸਾਬਤ ਕਰਨ ਦੇ ਹਵਾਲੇ ਨਾਲ 25 ਨਵੰਬਰ ਨੂੰ ਮੁਅੱਤਲ ਕਰ ਦਿੱਤਾ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਆਪਣੇ ਮੇਅਰ ਸਬੰਧੀ ਦਫ਼ਤਰ ਅਤੇ ਕੁਰਸੀ ’ਤੇ ਕਬਜ਼ਾ ਬਰਕਰਾਰ ਰੱਖਿਆ ਹੋਇਆ ਹੈ। ਇਸ ਤਹਿਤ ਸੰਜੀਵ ਬਿੱਟੂ ਆਪਣੇ ਹਮਾਇਤੀ ਕੌਂਸਲਰਾਂ ਸਮੇਤ ਅੱਜ ਵੀ ਆਪਣੇ ਦਫ਼ਤਰ ’ਚ ਮੇਅਰ ਵਾਲੀ ਕੁਰਸੀ ’ਤੇ ਬੈਠੇ। ਇਸ ਦੌਰਾਨ ਸ਼ਹਿਰ ਵਿੱਚੋਂ ਡੇਅਰੀਆਂ ਬਾਹਰ ਕੱਢਣ ਲਈ ਉਨ੍ਹਾਂ ਮੇਅਰ ਵਜੋਂ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ। ਆਪਣੇ ਵਿਰੁੱਧ ਹੋਈ ਕਾਰਵਾਈ ਨੂੰ ਨਿਯਮਾਂ ਦੇ ਉਲਟ ਦੱਸਦਿਆਂ ਸੰਜੀਵ ਬਿੱਟੂ ਨੇ ਕਿਹਾ ਕਿ ਸੰਵਿਧਾਨਕ ਤੌਰ ’ਤੇ ਉਹ ਅੱਜ ਵੀ ਮੇਅਰ ਦੀ ਹੈਸੀਅਤ ਰੱਖਦੇ ਹਨ ਕਿਉਂਕਿ ਜਿੱਥੇ ਬਹੁਮੱਤ ਸਾਬਤ ਕਰਨ ਦੀ ਪ੍ਰਕਿਰਿਆ ਅਯੋਗ ਸੀ, ਉੱਥੇ ਹੀ ਇਸ ਸਬੰਧੀ ਪਾਏ ਗਏ ਮਤੇ ਦੀ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਦਫ਼ਤਰ ਨੂੰ ਕਾਰਵਾਈ ਭੇਜਣ ਦੀ ਕਾਰਵਾਈ ਵੀ ਦਰੁਸਤ ਨਹੀਂ ਹੈ ਜਿਸ ਕਰਕੇ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ਦੇ ਕੁੱਲ 60 ਵਿੱਚੋਂ 40 ਦੇ ਕਰੀਬ ਕੌਂਸਲਰਾਂ ਨੇ ਪਿਛਲੇ ਦਿਨੀਂ ਮੇਅਰ ਨੂੰ ਬਹੁਮੱਤ ਸਾਬਤ ਕਰਨ ਲਈ ਨੋਟਿਸ ਜਾਰੀ ਕੀਤਾ ਸੀ ਜਿਸ ਦੇ ਹਵਾਲੇ ਨਾਲ ਹੀ ਮੇਅਰ ਵੱਲੋਂ 25 ਨਵੰੰਬਰ ਨੂੰ ਮੀਟਿੰੰਗ ਸੱਦੀ ਗਈ ਸੀ ਇਸ ਦੌਰਾਨ ਮੇਅਰ ਦੇ ਹੱਕ ਵਿੱਚ 25 ਅਤੇ ਖਿਲਾਫ਼ 36 ਵੋਟਾਂ ਪਈਆਂ ਸਨ। ਹਲਕਾ ਵਿਧਾਇਕ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸ ਦਿਨ ਇੱਥੇ ਪਹੁੰਚ ਕੇ ਮੇਅਰ ਦੇ ਹੱਕ ’ਚ ਵੋਟ ਪਾਈ ਸੀ, ਪਰ ਹਾਊਸ ਨੇ ਬਹੁਮੱਤ ਸਾਬਤ ਨਾ ਕਰਨ ਦੇ ਤਰਕ ਤਹਿਤ ਸੰਜੀਵ ਬਿੱਟੂ ਨੂੰ ਮੇਅਰ ਦੇ ਅਹੁਦੇ ਤੋਂ ਮੁਅੱਤਲ ਕਰ ਕੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਨੂੰ ਕਾਰਜਕਾਰੀ ਮੇਅਰ ਚੁਣਦਿਆਂ ਅਗਲੇਰੀ ਕਾਰਵਾਈ ਲਈ ਕੇਸ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜ ਦਿੱਤਾ ਸੀ।
ਉੱਧਰ, ਮੇਅਰ ਨੇ ਦੋ ਦਿਨ ਪਹਿਲਾਂ ਅਦਾਲਤ ਦਾ ਦਰਵਾਜ਼ਾ ਖੜਕਾਉਂਦਿਆਂ ਤਰਕ ਦਿੱਤਾ ਕਿ ਮਤੇ ਸਬੰਧੀ ਕਾਰਵਾਈ ’ਤੇ ਸ੍ਰੀ ਯੋਗੀ ਨੂੰ ਦਸਤਖ਼ਤ ਕਰਨ ਦਾ ਅਧਿਕਾਰ ਨਹੀਂ ਹੈ। ਹਾਈ ਕੋਰਟ ਨੇ ਕੇਸ ਦੀ ਸੁਣਵਾਈ ਪਹਿਲੀ ਦਸੰਬਰ ਨੂੰ ਮੁਕੱਰਰ ਕੀਤੀ ਹੈ।
ਦੱਸਣਯੋਗ ਹੈ ਕਿ ਮੁਅੱਤਲੀ ਦੀ ਕਾਰਵਾਈ ਤਹਿਤ ਪਹਿਲੇ ਦਿਨ ਨਿਗਮ ਅਧਿਕਾਰੀਆਂ ਨੇ ਮੇਅਰ ਤੋਂ ਸਰਕਾਰੀ ਇਨੋਵਾ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਸਨ, ਪਰ ਅਗਲੇ ਹੀ ਦਿਨ ਨਿਗਮ ਕਮਿਸ਼ਨਰ ਨੇ ਦੁਬਾਰਾ ਹੁਕਮ ਜਾਰੀ ਕਰਦਿਆਂ ਕਾਰ ਵਾਪਸ ਲੈਣ ਸਬੰਧੀ ਜਾਰੀ ਹੁਕਮ ਵਾਪਸ ਲੈ ਲਏ ਸਨ। ਇਸ ਹਵਾਲੇ ਨਾਲ ਵੇਖੀਏ ਤਾਂ ਮੇਅਰ ਕੋਲ ਦਫ਼ਤਰ ਬੈਠਣ ਦਾ ਅਧਿਕਾਰ ਵੀ ਹੈ, ਪਰ ਇਹ ਮਾਮਲਾ ਪੇਚੀਦਾ ਬਣਿਆ ਹੋਇਆ ਹੈ ਕਿਉਂਕਿ ਮੇਅਰ ਵਿਰੋਧੀ ਧਿਰ ਵੱਲੋਂ ਭਾਵੇਂ ਸ੍ਰੀ ਬਿੱਟੂ ਕੋਲ ਦਫ਼ਤਰ ’ਚ ਬੈਠਣ ਦਾ ਅਧਿਕਾਰ ਨਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਅੱਜ ਜਦੋਂ ਉਹ ਦਫ਼ਤਰ ਆਏ ਤਾਂ ਨਾ ਹੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਅਤੇ ਨਾ ਹੀ ਮੇਅਰ ਦੀ ਵਿਰੋਧੀ ਧਿਰ ਦੇ ਕਿਸੇ ਮੈਂਬਰ ਨੇ ਉਨ੍ਹਾਂ ਨੂੰ ਦਫ਼ਤਰ ’ਚ ਬੈਠਣ ਤੋਂ ਰੋਕਿਆ।
ਕਿਸੇ ਵੀ ਠੋਸ ਕਾਰਵਾਈ ਤੱਕ ਪਹਿਲਾਂ ਵਾਂਗ ਹੀ ਦਫ਼ਤਰ ਆਉਂਦਾ ਰਹਾਂਗਾ: ਬਿੱਟੂ
ਮੇਅਰ ਦਾ ਤਰਕ ਹੈ ਕਿ ਬਹੁਮੱਤ ਸਾਬਤ ਕਰਨ ਲਈ ਉਨ੍ਹਾਂ ਨੂੰ ਸਿਰਫ਼ 21 ਮੈਂਬਰਾਂ ਦੀ ਹੀ ਲੋੜ ਸੀ ਜਦਕਿ ਉਨ੍ਹਾਂ ਨਾਲ ਤਾਂ 25 ਮੈਂਬਰ ਸਨ। ਇਨ੍ਹਾਂ ਤਰਕਾਂ ਤਹਿਤ ਉਹ ਖ਼ੁਦ ਨੂੰ ਅੱਜ ਵੀ ਮੁਕੰਮਲ ਮੇਅਰ ਮੰਨਦੇ ਹਨ। ਸ੍ਰੀ ਬਿੱਟੂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਸੰਵਿਧਾਨਕ ਤੌਰ ’ਤੇ ਦਰੁਸਤ ਨਹੀਂ ਹੈ, ਜਿਸ ਕਰਕੇ ਉਹ ਮੇਅਰ ਦੇ ਅਹੁਦੇ ’ਤੇ ਬਣੇ ਰਹਿਣਗੇ। ਮੇਅਰ ਨੇ ਅੱਜ ਵੀ ਐਲਾਨ ਕੀਤਾ ਕਿ ਕਿਸੇ ਵੀ ਠੋਸ ਕਾਰਵਾਈ ਤੱਕ ਉਹ ਪਹਿਲਾਂ ਵਾਂਗ ਹੀ ਆਪਣੇ ਦਫ਼ਤਰ ਆਉਂਦੇ ਰਹਿਣਗੇ।