ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਰਾਮਗੜ੍ਹੀਆ ਸਿੱਖ ਗੁਰਦੁਆਰਾ ਗਰਾਹਾਮ ਸਟਰੀਟ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੌਲੀਹੁਲ ਨਗਰ ਕੌਂਸਲ ਦੇ ਪਹਿਲੇ ਸਿੱਖ ਮੇਅਰ ਸਰਦੂਲ ਸਿੰਘ ਮਰਵਾ ਦਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਇੰਗਲੈਂਡ ਵਿੱਚ 38 ਸਾਲ ਮੈਜਿਸਟਰੇਟ ਦੀਆਂ ਸੇਵਾਵਾਂ ਨਿਭਾਉਣ ਵਾਲੀ ਸਤਨਾਮ ਕੌਰ ਮਰਵਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿਆਰਾ ਸਿੰਘ ਭੋਗਲ ਅਤੇ ਹੋਰ ਅਹੁਦੇਦਾਰ ਮੌਜੂਦ ਸਨ। ਸਰਦੂਲ ਸਿੰਘ ਮਰਵਾ ਸਰਬਸੰਮਤੀ ਨਾਲ ਸਾਲ 2026-27 ਲਈ ਸੌਲੀਹੁਲ ਦੇ 73ਵੇਂ ਅਤੇ ਪਹਿਲੇ ਸਿੱਖ ਮੇਅਰ ਚੁਣੇ ਗਏ ਹਨ। ਮਰਵਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 1960 ਵਿੱਚ ਪੰਜਾਬ ਤੋਂ ਇੰਗਲੈਂਡ ਆ ਗਿਆ ਸੀ। ਇਸ ਤੋਂ ਬਾਅਦ ਉਹ 1978 ਵਿੱਚ ਰਾਜਨੀਤੀ ਵਿੱਚ ਆ ਗਏ।
ਉਨ੍ਹਾਂ ਕਿਹਾ ਕਿ ਉਹ 2023 ਵਿੱਚ ਸੌਲੀਹੁਲ ਮੈਟਰੋਪੌਲੀਟਨ ਬੋਰੋ ਦੇ ਕੌਂਸਲਰ ਚੁਣੇ ਗਏ ਸਨ ਅਤੇ ਹੁਣ 2026-27 ਲਈ ਸੌਲੀਹੁਲ ਦੇ ਮੇਅਰ ਵਜੋਂ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਖੇਤਰ ਅਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੰਮ ਕਰਦੇ ਰਹਿਣਗੇ। ਇਸੇ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਚੇਅਰਮੈਨ ਬਲਬੀਰ ਸਿੰਘ ਜੰਡੂ ਦਾ ਵੀ ਸਨਮਾਨ ਕੀਤਾ ਗਿਆ। ਇਸ ਸਮਾਗਮ ’ਚ ਲਾਲ ਚੰਦ ਯਮਲਾ ਜੱਟ ਕਲਚਰ ਟਰੱਸਟ ਦੇ ਪ੍ਰਧਾਨ ਕਰਨੈਲ ਸਿੰਘ ਚੀਮਾ, ਇੰਡੀਅਨ ਓਵਰਸੀਜ਼ ਕਾਂਗਰਸ ਦੇ ਉੱਘੇ ਆਗੂ ਕੁਲਵਿੰਦਰ ਸਿੰਘ ਫੁੱਲ, ਗੁਰਦੁਆਰਾ ਕਮੇਟੀ ਦੇ ਸਹਾਇਕ ਜਨਰਲ ਸਕੱਤਰ ਪਵਿੱਤਰ ਸਿੰਘ ਅਤੇ ਜਥੇਦਾਰ ਜਸਵੰਤ ਸਿੰਘ ਵੀ ਮੌਜੂਦ ਸਨ।

