ਪੰਜਾਬ ਵਿੱਚ ਬੀ ਪੀ ਈ ਓ ਅਸਾਮੀਆਂ ਦਾ ਵੱਡਾ ਸੰਕਟ; 47 ਫ਼ੀਸਦੀ ਪੋਸਟਾਂ ਖਾਲੀ
ਮਾਨਸਾ ਅਤੇ ਰੂਪਨਗਰ ਵਿੱਚ ਇੱਕ ਵੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਹੀਂ; ਬਠਿੰਡਾ ਵਿੱਚ 7 ਵਿੱਚੋਂ 6 ਅਸਾਮੀਆਂ ਖ਼ਾਲੀ
ਪੰਜਾਬ ਦੇ ਪ੍ਰਾਇਮਰੀ ਸਿੱਖਿਆ ਪ੍ਰਬੰਧ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ (ਬੀ ਪੀ ਈ ਓ) ਦੀਆਂ ਵੱਡੀ ਗਿਣਤੀ ਵਿੱਚ ਖ਼ਾਲੀ ਪਈਆਂ ਅਸਾਮੀਆਂ ਨੇ ਚਿੰਤਾ ਵਧਾ ਦਿੱਤੀ ਹੈ। ਸਾਹਮਣੇ ਆਏ ਅੰਕੜਿਆਂ ਅਨੁਸਾਰ ਸੂਬੇ ਵਿੱਚ ਬੀ ਪੀ ਈ ਓ ਦੀਆਂ ਕੁੱਲ 228 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 107 ਅਸਾਮੀਆਂ ਖ਼ਾਲੀ ਪਈਆਂ ਹਨ, ਜੋ ਕੁੱਲ ਅਸਾਮੀਆਂ ਦਾ 46.93 ਫ਼ੀਸਦੀ ਬਣਦਾ ਹੈ। ਇਸ ਕਾਰਨ ਪ੍ਰਾਇਮਰੀ ਸਿੱਖਿਆ ਨਾਲ ਸਬੰਧਤ ਪ੍ਰਸ਼ਾਸਨਿਕ ਕੰਮਕਾਜ ਅਤੇ ਸਕੂਲਾਂ ਦੀ ਨਿਗਰਾਨੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।
ਪ੍ਰਾਪਤ ਵੇਰਵਿਆਂ ਮੁਤਾਬਕ ਮਾਨਸਾ ਅਤੇ ਰੂਪਨਗਰ (ਰੋਪੜ) ਜ਼ਿਲ੍ਹਿਆਂ ਵਿੱਚ ਬੀ ਪੀ ਈ ਓ ਦੀਆਂ ਸਾਰੀਆਂ ਮਨਜ਼ੂਰਸ਼ੁਦਾ ਅਸਾਮੀਆਂ ਖ਼ਾਲੀ ਪਈਆਂ ਹਨ। ਮਾਨਸਾ ਵਿੱਚ 5 ਅਤੇ ਰੂਪਨਗਰ ਵਿੱਚ 10 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ ਇੱਕ ਵੀ ਅਹੁਦਾ ਭਰਿਆ ਨਹੀਂ ਗਿਆ ਹੈ। ਹੁਸ਼ਿਆਰਪੁਰ ਵਿੱਚ 21 ਵਿੱਚੋਂ 19, ਬਠਿੰਡਾ ਵਿੱਚ 7 ਵਿੱਚੋਂ 6 ਅਤੇ ਸੰਗਰੂਰ ਵਿੱਚ 9 ਵਿੱਚੋਂ 7 ਅਸਾਮੀਆਂ ਖ਼ਾਲੀ ਹਨ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ (ਐੱਸ ਬੀ ਐੱਸ ਨਗਰ) ਵਿੱਚ 71.43 ਫ਼ੀਸਦੀ ਅਤੇ ਕਪੂਰਥਲਾ ਤੇ ਮਾਲੇਰਕੋਟਲਾ ਵਿੱਚ 66.67 ਫ਼ੀਸਦੀ ਅਸਾਮੀਆਂ ਖ਼ਾਲੀ ਦਰਜ ਕੀਤੀਆਂ ਗਈਆਂ ਹਨ।
ਦੂਜੇ ਪਾਸੇ ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਉਹ ਜ਼ਿਲ੍ਹੇ ਹਨ, ਜਿੱਥੇ ਬੀ ਪੀ ਈ ਓ ਦੀਆਂ ਸਾਰੀਆਂ ਮਨਜ਼ੂਰਸ਼ੁਦਾ ਅਸਾਮੀਆਂ ਭਰੀਆਂ ਹੋਈਆਂ ਹਨ। ਪਟਿਆਲਾ, ਤਰਨ ਤਾਰਨ, ਫ਼ਾਜ਼ਿਲਕਾ ਅਤੇ ਫ਼ਰੀਦਕੋਟ ਵਿੱਚ ਵੀ ਖ਼ਾਲੀ ਅਸਾਮੀਆਂ ਦੀ ਗਿਣਤੀ ਬਹੁਤ ਘੱਟ ਹੈ।
ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਬੀ ਪੀ ਈ ਓ ਸਕੂਲਾਂ ਦੀ ਨਿਗਰਾਨੀ, ਅਧਿਆਪਕਾਂ ਦੇ ਸੇਵਾ ਰਿਕਾਰਡ, ਤਨਖ਼ਾਹਾਂ, ਮੈਡੀਕਲ ਬਿੱਲਾਂ ਅਤੇ ਸਿੱਖਿਆ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਵਿੱਚ ਅੱਧੇ ਦੇ ਕਰੀਬ ਅਹੁਦੇ ਖ਼ਾਲੀ ਹੋਣ ਨਾਲ ਪ੍ਰਾਇਮਰੀ ਸਿੱਖਿਆ ਪ੍ਰਬੰਧ ਉੱਤੇ ਸਿੱਧਾ ਅਸਰ ਪੈ ਸਕਦਾ ਹੈ।
ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਪੰਜਾਬ ਨੇ ਦੋਸ਼ ਲਾਇਆ ਹੈ ਕਿ ਬੀ ਪੀ ਈ ਓ ਦੀਆਂ ਜ਼ਿਆਦਾਤਰ ਅਸਾਮੀਆਂ ਖ਼ਾਲੀ ਹੋਣ ਕਾਰਨ ਪ੍ਰਾਇਮਰੀ ਸਿੱਖਿਆ ਦੀ ਗੱਡੀ ਲੀਹੋਂ ਲੱਥ ਚੁੱਕੀ ਹੈ। ਡੀ ਟੀ ਐੱਫ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਖ਼ਾਲੀ ਅਸਾਮੀਆਂ ਨੂੰ ਤੁਰੰਤ ਤਰੱਕੀਆਂ ਅਤੇ ਸਿੱਧੀ ਭਰਤੀ ਰਾਹੀਂ ਭਰਿਆ ਜਾਵੇ, ਤਾਂ ਜੋ ਪ੍ਰਾਇਮਰੀ ਸਿੱਖਿਆ ਦੇ ਪ੍ਰਬੰਧ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।
