ਭੁੱਚੋ ਮੰਡੀ ਨਗਰ ਕੌਂਸਲ ਚੋਣ: ਮੁਕਾਬਲਾ ਬਰਾਬਰ ਰਹਿਣ 'ਤੇ ਪਰਚੀ ਰਾਹੀਂ ਨੀਨਾ ਬਾਂਸਲ ਬਣੀ ਪ੍ਰਧਾਨ
ਅੰਜਲੀ ਗਰਗ ਸੀਨੀਅਰ ਮੀਤ ਪ੍ਰਧਾਨ ਅਤੇ ਰੁਪਿੰਦਰ ਕੌਰ ਮੀਤ ਪ੍ਰਧਾਨ ਚੁਣੀ ਗਈ
Advertisement
ਨਗਰ ਕੌਂਸਲ ਭੁੱਚੋ ਮੰਡੀ ਦੀ ਪ੍ਰਧਾਨਗੀ ਸਬੰਧੀ ਹੋਈ ਚੋਣ ਵਿੱਚ 'ਆਪ' (AAP) ਅਤੇ ਅਕਾਲੀ ਦਲ ਦੇ ਕੌਂਸਲਰਾਂ ਦੀ ਗਿਣਤੀ ਬਰਾਬਰ ਰਹਿਣ ਕਾਰਨ, ਪਰਚੀ ਸਿਸਟਮ ਰਾਹੀਂ 'ਆਪ' ਦੀ ਸਮਰਥਕ ਕਾਂਗਰਸੀ ਕੌਂਸਲਰ ਨੀਨਾ ਬਾਂਸਲ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਅਕਾਲੀ ਦਲ ਦੀ ਸਮਰਥਕ ਆਜ਼ਾਦ ਕੌਂਸਲਰ ਅੰਜਲੀ ਗਰਗ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ 'ਆਪ' ਦੀ ਸਮਰਥਕ ਆਜ਼ਾਦ ਕੌਂਸਲਰ ਰੁਪਿੰਦਰ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਇਹ ਚੋਣ ਬਠਿੰਡਾ ਦੇ ਐੱਸ ਡੀ ਐੱਮ (SDM) ਅਮਨਦੀਪ ਸਿੰਘ ਮਾਵੀ ਅਤੇ ਨਥਾਣਾ ਦੀ ਨਾਇਬ ਤਹਿਸੀਲਦਾਰ ਅੰਮ੍ਰਿਤਾ ਅਗਰਵਾਲ ਦੀ ਨਿਗਰਾਨੀ ਹੇਠ ਹੋਈ। ਨਵ-ਨਿਯੁਕਤ ਪ੍ਰਧਾਨ ਨੀਨਾ ਬਾਂਸਲ ਨੇ ਇਸ ਤੋਂ ਪਹਿਲਾਂ ਪੰਜ ਸਾਲ ਪ੍ਰਧਾਨ ਰਹੇ ਆਪਣੇ ਪਤੀ ਜੋਨੀ ਬਾਂਸਲ ਦੀ ਕੁਰਸੀ ਸਾਂਭ ਲਈ ਹੈ।
Advertisement
ਜ਼ਿਕਰਯੋਗ ਹੈ ਕਿ 13 ਕੌਂਸਲਰਾਂ ਵਾਲੀ ਨਗਰ ਕੌਂਸਲ ਵਿੱਚ ਸਭ ਤੋਂ ਵੱਧ ਛੇ ਅਕਾਲੀ ਦਲ, ਤਿੰਨ ਕਾਂਗਰਸ, ਤਿੰਨ ਆਜ਼ਾਦ ਅਤੇ ਇੱਕ 'ਆਪ' (AAP) ਦਾ ਕੌਂਸਲਰ ਜਿੱਤਿਆ ਸੀ। ਅੱਜ ਪ੍ਰਧਾਨਗੀ ਦੀ ਚੋਣ ਮੌਕੇ ਛੇ ਅਕਾਲੀ ਕੌਂਸਲਰਾਂ ਨੂੰ ਇੱਕ ਆਜ਼ਾਦ ਕੌਂਸਲਰ ਅੰਜਲੀ ਗਰਗ ਵੱਲੋਂ ਸਮਰਥਨ ਦੇਣ ਨਾਲ ਅਕਾਲੀ ਦਲ ਦੇ 7 ਕੌਂਸਲਰ ਹੋ ਗਏ। ਇਸੇ ਤਰ੍ਹਾਂ 'ਆਪ' ਦੇ ਇੱਕੋ-ਇੱਕ ਕੌਂਸਲਰ ਨੂੰ ਤਿੰਨ ਕਾਂਗਰਸੀਆਂ ਅਤੇ ਦੋ ਆਜ਼ਾਦ ਕੌਂਸਲਰਾਂ ਨੇ ਸਮਰਥਨ ਦਿੱਤਾ, ਜਿਸ ਨਾਲ ਹਲਕਾ ਵਿਧਾਇਕ ਜਗਸੀਰ ਸਿੰਘ ਦੀ ਵੋਟ ਮਿਲਾ ਕੇ 'ਆਪ' ਪੱਖੀ ਵੋਟਾਂ ਦੀ ਗਿਣਤੀ ਵੀ 7 ਹੋ ਗਈ।
Advertisement
ਇਸ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਰਚੀਆਂ ਪਾ ਕੇ ਚੋਣ ਪ੍ਰਕਿਰਿਆ ਮੁਕੰਮਲ ਕੀਤੀ। ਜਿਸ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਅਕਾਲੀ ਦਲ ਦੇ ਨਰਦੀਪ ਗਰਗ ਅਤੇ 'ਆਪ' (AAP) ਦੀ ਸਮਰਥਕ ਨੀਨਾ ਬਾਂਸਲ ਵਿੱਚੋਂ ਨੀਨਾ ਬਾਂਸਲ ਜੇਤੂ ਰਹੀ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲਈ ਅਕਾਲੀ ਦਲ ਦੀ ਸਮਰਥਕ ਆਜ਼ਾਦ ਕੌਂਸਲਰ ਅੰਜਲੀ ਗਰਗ ਜੇਤੂ ਰਹੀ ਅਤੇ ਮੀਤ ਪ੍ਰਧਾਨ ਦੀ ਚੋਣ ਵਿੱਚ 'ਆਪ' ਦੀ ਸਮਰਥਕ ਰੁਪਿੰਦਰ ਕੌਰ ਚੁਣੀ ਗਈ।
Advertisement
×
