ਭਿੱਖੀਵਿੰਡ ਪੁਲੀਸ ਨੇ ਤਿੰਨ ਕਿਲੋ ਹੈਰੋਇਨ, ਆਈਸ ਅਤੇ ਅਫ਼ੀਮ ਸਮੇਤ ਤਿੰਨ ਨੌਜਵਾਨ ਕੀਤੇ ਕਾਬੂ
ਫੜੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਜਾਰੀ; ਨਸ਼ਾ ਸਪਲਾਈ ਦੇ ਨੈੱਟਵਰਕ ਨੂੰ ਫਰੋਲ ਰਹੀ ਹੈ ਪੁਲੀਸ
ਥਾਣਾ ਭਿੱਖੀਵਿੰਡ ਦੀ ਪੁਲੀਸ ਨੇ ਪਹੂਵਿੰਡ ਦੀ ਨਵੀਂ ਕਲੋਨੀ ਬਾਬਾ ਦੀਪ ਸਿੰਘ ਵਿੱਚੋਂ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਤਿੰਨ ਕਿਲੋ ਹੈਰੋਇਨ, ਆਈਸ ਅਤੇ ਅਫ਼ੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਸਵਿਫਟ ਕਾਰ ਵੀ ਕਬਜ਼ੇ ਵਿੱਚ ਲਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੇ ਜਾਂਚ ਅਧਿਕਾਰੀ ਏ ਐੱਸ ਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਭਿੱਖੀਵਿੰਡ ਦੇ ਐੱਸ ਐੱਚ ਓ ਹਰਪ੍ਰੀਤ ਸਿੰਘ ਵਿਰਕ ਦੇ ਸਖ਼ਤ ਆਦੇਸ਼ਾਂ ਹੇਠ ਪੁਲੀਸ ਪਾਰਟੀ ਗਸ਼ਤ ਦੌਰਾਨ ਭਿੱਖੀਵਿੰਡ ਤੋਂ ਪਹੂਵਿੰਡ ਵੱਲ ਜਾ ਰਹੀ ਸੀ। ਇਸ ਦੌਰਾਨ ਨਵੀਂ ਕਲੋਨੀ ਬਾਬਾ ਦੀਪ ਸਿੰਘ ਵਿੱਚ ਇੱਕ ਸਵਿਫ਼ਟ ਕਾਰ ਖੜ੍ਹੀ ਦਿਖਾਈ ਦਿੱਤੀ। ਕਾਰ ਵਿੱਚ ਦੋ ਵਿਅਕਤੀ ਬੈਠੇ ਸਨ, ਜਦਕਿ ਇੱਕ ਹੋਰ ਨੌਜਵਾਨ ਹੱਥ ਵਿੱਚ ਪੀਲੇ ਰੰਗ ਦਾ ਮੋਮੀ ਲਿਫ਼ਾਫ਼ਾ ਫੜ ਕੇ ਕਾਰ ਵੱਲ ਆ ਰਿਹਾ ਸੀ। ਏ ਐੱਸ ਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਦੇਖ ਕੇ ਉਕਤ ਨੌਜਵਾਨ ਪਿੱਛੇ ਮੁੜਨ ਲੱਗਾ, ਜਿਸ ’ਤੇ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਉਸ ਦੀ ਪਛਾਣ ਅਵਤਾਰ ਸਿੰਘ ਵਾਸੀ ਨਵੀਂ ਕਲੋਨੀ ਬਾਬਾ ਦੀਪ ਸਿੰਘ ਪਹੂਵਿੰਡ ਵਜੋਂ ਹੋਈ।
ਉੱਥੇ ਹੀ ਕਾਰ ਵਿੱਚ ਬੈਠੇ ਦੋ ਹੋਰ ਨੌਜਵਾਨਾਂ ਦੀ ਪਛਾਣ ਹਰਚੰਦ ਸਿੰਘ ਵਾਸੀ ਮਸਤਗੜ੍ਹ, ਥਾਣਾ ਖੇਮਕਰਨ ਅਤੇ ਹਰਮਨਪ੍ਰੀਤ ਸਿੰਘ ਉਰਫ਼ ਸੰਨੀ ਵਾਸੀ ਗੁਰੂ ਨਾਨਕ ਪੁਰਾ, ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਕੋਲ ਮੌਜੂਦ ਮੋਮੀ ਲਿਫ਼ਾਫ਼ੇ ਦੀ ਤਲਾਸ਼ੀ ਲੈਣ ’ਤੇ ਹੈਰੋਇਨ ਬਰਾਮਦ ਹੋਈ।
ਪੁਲੀਸ ਅਨੁਸਾਰ ਇਸ ਲਿਫ਼ਾਫ਼ੇ ਵਿੱਚੋਂ ਦੋ ਹੋਰ ਲਿਫ਼ਾਫ਼ੇ ਮਿਲੇ, ਜਿਨ੍ਹਾਂ ਵਿੱਚੋਂ ਇੱਕ ਵਿੱਚ ਆਈਸ ਅਤੇ ਦੂਜੇ ਵਿੱਚ ਅਫ਼ੀਮਨੁਮਾ ਪਦਾਰਥ ਸੀ। ਉਨ੍ਹਾਂ ਦੱਸਿਆ ਕਿ ਹੈਰੋਇਨ ਦਾ ਵਜ਼ਨ ਮੋਮੀ ਲਿਫ਼ਾਫ਼ੇ ਸਮੇਤ ਤਿੰਨ ਕਿਲੋ ਹੋਇਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਨਸ਼ੀਲੇ ਪਦਾਰਥਾਂ ਦੀ ਕਥਿਤ ਸਪਲਾਈ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

