ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਅਪਰੈਲ
ਦਿੱਲੀ ਵਿੱਚ ‘ਆਪ’ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਤੇ ਕਾਂਗਰਸ ਦੇ ਬੁਲਾਰੇ ਅਲਕਾ ਲਾਂਬਾ ਦੇ ਘਰ ਅੱਗੇ ਪੰਜਾਬ ਪੁਲੀਸ ਵੱਲੋਂ ਦਿੱਤੀ ਗਈ ਦਸਤਕ ’ਤੇ ਕਾਂਗਰਸ ਆਗੂ ਸੁਖਪਾਲ ਖਹਿਰਾ ਨੇ ਇੱਕ ਟਵੀਟ ਕਰਕੇ ਆਪਣਾ ਵਿਰੋਧ ਦਰਜ ਕੀਤਾ ਹੈ। ਖਹਿਰਾ ਨੇ ਟਵੀਟ ਕਰਦਿਆਂ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਸਿਆਸੀ ਮਸਲੇ ਸੈੱਟ ਕਰਨ ਲਈ ਪੰਜਾਬ ਪੁਲੀਸ ਦੀ ਵਰਤੋਂ ਨਾ ਕੀਤੀ ਜਾਵੇ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਹਿਟਲਰ ਦੀਆਂ ਫੌਜਾਂ ਵਿੱਚ ਕਮਾਂਡਰ ਰਹੇ ਹਿਮਲਰ ਦਾ ਹਵਾਲਾ ਦਿੰਦਿਆਂ ਕਿਹਾ ਕਿ, ‘ਹਿਮਲਰ ਇਨ ਐਕਸ਼ਨ’। ਇਸੇ ਤਰ੍ਹਾਂ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਵੀ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਕੀ ਪੰਜਾਬ ਉੱਤੇ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਦਲਾਖੋਰੀ ਦੀ ਭਾਵਨਾ ਹੈ।