DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਗਵੰਤ ਮਾਨ ਵੱਲੋਂ ਬਣਾਂਵਾਲੀ ਨੂੰ ਮੁੜ ਉਮੀਦਵਾਰ ਬਣਾਉਣ ਦਾ ਸੰਕੇਤ

ਫੱਤਾ ਮਾਲੋਕਾ ਵਿੱਚ ਲੋਕ ਮਿਲਣੀ ਦੌਰਾਨ ਏਸ਼ਿਆਈ ਖੇਡਾਂ ਦੇ ਜੇਤੂ ਸਤਨਾਮ ਸਿੰਘ ਦਾ 50 ਲੱਖ ਨਾਲ ਸਨਮਾਨ

  • fb
  • twitter
  • whatsapp
  • whatsapp
featured-img featured-img
ਪਿੰਡ ਫੱਤਾ ਮਾਲੋਕਾ ਵਿੱਚ ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂ ਖਿਡਾਰੀ ਸਤਨਾਮ ਸਿੰਘ ਦਾ ਸਨਮਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ।
Advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿੱਚ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸਰਦੂਲਗੜ੍ਹ ਵਿਧਾਨ ਸਭਾ ਹਲਕਾ ਤੋਂ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਮੁੜ ਪਾਰਟੀ ਉਮੀਦਵਾਰ ਬਣਾਉਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਹਲਕੇ ਦੇ ਪੁਰਾਣੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਮੁਕਾਬਲੇ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਕਈ ਪੱਖਾਂ ਤੋਂ ਵਡਿਆਈ ਕੀਤੀ।

ਮੁੱਖ ਮੰਤਰੀ ਨੇ ਲੋਕ ਮਿਲਣੀ ਦੌਰਾਨ ਪਿੰਡ ਫੱਤਾ ਮਾਲੋਕਾ ਦੇ ਏਸ਼ਿਆਈ ਖੇਡਾਂ ਵਿੱਚ ਰੋਇੰਗ ਡਬਲਜ਼ ਮੁਕਾਬਲੇ ਦੌਰਾਨ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਸਤਨਾਮ ਸਿੰਘ ਨੂੰ ਪਰਿਵਾਰ ਨਾਲ ਮੰਚ ’ਤੇ ਸੱਦ ਕੇ 50 ਲੱਖ ਰੁਪਏ ਦਾ ਚੈੱਕ ਸੌਂਪਿਆ। ਉਨ੍ਹਾਂ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਬੇਅਦਬੀਆਂ ਕਰਨ ਵਾਲਿਆਂ ਨੂੰ ਹੁਣ ਲੋਕ ਮੂੰਹ ਲਾਉਣੋਂ ਹਟ ਗਏ ਹਨ ਅਤੇ ਹੁਣ ਉਹ ਬਾਜ਼ੀ ਹੱਥੋਂ ਨਿਕਲਦੀ ਦੇਖ ਭਾਜਪਾ ਨਾਲ ਗੱਠਜੋੜ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਦਿੱਲੀ ਵਾਲਿਆਂ ਨੂੰ ਨਿੰਦਣ ਵਾਲੇ ਹੁਣ ਦਿੱਲੀ ਵਾਲਿਆਂ ਨਾਲ ਹੀ ਹੱਥ ਮਿਲਾਉਣ ਲੱਗੇ ਹਨ। ਉਨ੍ਹਾਂ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ।

Advertisement

ਮੁੱਖ ਮੰਤਰੀ ਨੇ 2027 ’ਚ ਵਿਰੋਧੀਆਂ ਨੂੰ ਮਾਤ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਦਲਣ ਨਾਲ ਆਮ ਆਦਮੀ ਪਾਰਟੀ ’ਤੇ ਕੋਈ ਅਸਰ ਨਹੀਂ ਪਵੇਗਾ। ਕਾਂਗਰਸ ਨੇ ਮਾਲਵੇ ਹੱਥੋਂ ਪ੍ਰਧਾਨਗੀ ਖੋਹ ਕੇ ਦੋਆਬੇ ਨੂੰ ਦੇਣ ਨਾਲ ਕੋਈ ਜ਼ਿਆਦਾ ਫ਼ਰਕ ਨਹੀਂ ਪੈਂਦਾ। ਪਰਗਟ ਸਿੰਘ ਇਕੱਲਾ ਕੁੱਝ ਨਹੀਂ ਕਰ ਸਕੇਗਾ, ਜੇ ਸਾਰੇ ਖਿਡਾਰੀ ਉਸ ਦਾ ਸਾਥ ਦੇ ਕੇ ਪਾਸ ਦਿੰਦੇ ਰਹਿਣਗੇ ਤਾਂ ਹੀ ਗੋਲ ਹੋ ਸਕਦਾ ਹੈ।

Advertisement

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੀਂਹ ਨਾ ਪੈਣ ਦੇ ਬਾਵਜੂਦ ਨਹਿਰੀ ਪਾਣੀ ਟੇਲਾਂ ’ਤੇ ਪੂਰਾ ਮਿਲਦਾ ਰਿਹਾ ਹੈ ਅਤੇ ਹੁਣ ਜਦੋਂ ਫ਼ਸਲ ਪੱਕਣ ਵਾਲੇ ਪਾਸੇ ਵਧ ਰਹੀ ਹੈ ਤਾਂ ਖੇਤੀ ਮੋਟਰਾਂ ਚਲਾਉਣ ਲਈ ਨਿਰੰਤਰ ਬਿਜਲੀ ਦਿੱਤੀ ਜਾ ਰਹੀ ਹੈ।

ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਮਾਨਸਾ ਡਾ. ਵਿਜੇ ਸਿੰਗਲਾ, ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧਰਾਮ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਚੁਸ਼ਪਿੰਦਰ ਬੀਰ ਸਿੰਘ ਚਹਿਲ ਅਤੇ ਪੰਜਾਬੀ ਲੋਕ ਗਾਇਕ ਕਰਮਜੀਤ ਅਨਮੋਲ ਹਾਜ਼ਰ ਸਨ।

Advertisement
×