
ਡੀਸੀ ਡਾ. ਪ੍ਰੀਤੀ ਯਾਦਵ ਨਾਲ ਮੀਟਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਕਿਸਾਨ।
ਜਗਮੋਹਨ ਸਿੰਘ
ਰੂਪਨਗਰ, 11 ਮਈ
ਜ਼ਿਲ੍ਹਾ ਰੂਪਨਗਰ ਦੀ ਰਸੀਦਪੁਰ ਡੀ-ਸਿਲਟਿੰਗ ਸਾਈਟ ਨੇੜੇ ਧਰਨਾ ਦੇ ਰਹੇ ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਲਿਖਤੀ ਮੰਗ ਪੱਤਰ ਸੌਂਪਿਆ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ, ਹਰਿੰਦਰ ਸਿੰਘ ਜਟਾਣਾ ਬਲਾਕ ਪ੍ਰਧਾਨ ਚਮਕੌਰ ਸਾਹਿਬ, ਗੁਰਚਰਨ ਸਿੰਘ ਢੋਲਣਮਾਜਰਾ ਪ੍ਰਧਾਨ ਬਲਾਕ ਮੋਰਿੰਡਾ, ਕਰਨੈਲ ਸਿੰਘ ਬਜੀਦਪੁਰ, ਨੰਬਰਦਾਰ ਅਮਰੀਕ ਸਿੰਘ ਬਜੀਦਪੁਰ ਨੇ ਦੱਸਿਆ ਕਿ ਉਹ ਰਸੀਦਪੁਰ ਵਿੱਚ ਸਤਲੁਜ ਦਰਿਆ ਦੀ ਕੀਤੀ ਜਾ ਰਹੀ ਡੀ-ਸਿਲਟਿੰਗ ਦੇ ਖ਼ਿਲਾਫ਼ ਨਹੀਂ ਹਨ, ਪਰ ਜਿਸ ਜਗ੍ਹਾ ’ਤੇ ਖਣਨ ਕੀਤਾ ਜਾ ਰਿਹਾ ਹੈ, ਉਹ ਬੰਨ੍ਹ ਦੇ ਨੇੜੇ ਹੈ। ਇਸ ਲਈ ਉਨ੍ਹਾਂ ਨੂੰ ਡਰ ਹੈ ਕਿ ਖਣਨ ਕਾਰਨ ਬਰਸਾਤਾਂ ਦੇ ਸੀਜ਼ਨ ਦੌਰਾਨ ਬੰਨ੍ਹ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਕਈ ਪਿੰਡ ਪ੍ਰਭਾਵਿਤ ਹੋਣਗੇ। ਡੀਸੀ ਵੱਲੋਂ ਕਿਸਾਨਾਂ ਦੇ ਵਫਦ ਦੀ ਖਣਨ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਮੀਟਿੰਗ ਵੀ ਕਰਵਾਈ ਗਈ, ਪਰ ਖਣਨ ਵਿਭਾਗ ਦੇ ਅਧਿਕਾਰੀ ਕਿਸਾਨਾਂ ਦੀ ਤਸੱਲੀ ਨਹੀਂ ਕਰਵਾ ਸਕੇ, ਜਿਸ ਉਪਰੰਤ ਕਿਸਾਨਾਂ ਨੇ ਡੀਸੀ ਤੋਂ ਮੰਗ ਕੀਤੀ ਕਿ ਉਹ ਡੀਸਿਲਟਿੰਗ ਸਾਈਟ ਦਾ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਖੁਦ ਰਸੀਦਪੁਰ ਡੀ-ਸਿਲਟਿੰਗ ਸਾਈਟ ਦਾ ਮੌਕਾ ਵੇਖਣ । ਕਿਸਾਨ ਆਗੂਆਂ ਨੇ ਦੱਸਿਆ ਕਿ ਡੀਸੀ ਡਾ. ਪ੍ਰੀਤੀ ਯਾਦਵ ਨੇ ਖਣਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ