ਬੰਗਲੂਰੂ ਭਗਦੜ: ਹਾਈ ਕੋਰਟ ਨੇ 9 ਸਵਾਲਾਂ ਦੇ ਜਵਾਬ ਮੰਗੇ
ਬੰਗਲੂਰੂ: ਇਥੋਂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਆਰਸੀਬੀ ਟੀਮ ਦੇ ਪ੍ਰਸ਼ੰਸਕਾਂ ’ਚ ਮਚੀ ਭਗਦੜ ਦੇ ਮਾਮਲੇ ’ਚ ਕਰਨਾਟਕ ਹਾਈ ਕੋਰਟ ਨੇ ਸੂਬਾ ਸਰਕਾਰ ਤੋਂ 9 ਸਵਾਲਾਂ ਦੇ ਜਵਾਬ 10 ਜੂਨ ਤੱਕ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਵੱਲੋਂ ਕੀਤੇ ਗਏ ਸਵਾਲਾਂ ’ਚ ਆਰਸੀਬੀ ਦੀ ਆਈਪੀਐੱਲ ’ਚ ਜਿੱਤ ਦੇ ਜ਼ਸਨ ਸਬੰਧੀ ਸਮਾਗਮ ਦੇ ਪ੍ਰਬੰਧਕਾਂ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ। ਉਨ੍ਹਾਂ ਸਰਕਾਰ ਨੂੰ ਪੁੱਛਿਆ ਕਿ ਸਮਾਗਮ ਕਰਾਉਣ ਦਾ ਫ਼ੈਸਲਾ ਕਦੋਂ ਅਤੇ ਕਿਵੇਂ ਲਿਆ ਗਿਆ। ਇਸ ਤੋਂ ਇਲਾਵਾ ਪ੍ਰਬੰਧਕਾਂ ਵੱਲੋਂ ਲੋੜੀਂਦੀ ਇਜਾਜ਼ਤ ਲੈਣ ਬਾਰੇ ਵੀ ਸਵਾਲ ਪੁੱਛਿਆ ਗਿਆ ਹੈ। ਬੈਂਚ ਨੇ ਖੇਡਾਂ ਲਈ 50 ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠ ਅਤੇ ਵੱਡੇ ਪੱਧਰ ’ਤੇ ਜਸ਼ਨਾਂ ਸਬੰਧੀ ਭੀੜ ਪ੍ਰਬੰਧਨ ਲਈ ਅਪਣਾਈ ਜਾਂਦੀ ਪ੍ਰਕਿਰਿਆ ਦੇ ਹੋਂਦ ’ਚ ਹੋਣ ਬਾਰੇ ਵੀ ਸਵਾਲ ਕੀਤਾ ਹੈ। ਇਸ ਤੋਂ ਇਲਾਵਾ ਸਟੇਡੀਅਮ ਦੁਆਲੇ ਟਰੈਫਿਕ ਕੰਟਰੋਲ ਅਤੇ ਮੈਡੀਕਲ ਤੇ ਐਮਰਜੈਂਸੀ ਸਹੂਲਤਾਂ ਹੋਣ ਬਾਰੇ ਸਵਾਲ ਪੁੱਛਿਆ ਗਿਆ ਹੈ। ਉਧਰ ਕਰਨਾਟਕ ਸਰਕਾਰ ਵੱਲੋਂ ਹਾਈ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਬਣਾਏ ਜਾਂਚ ਕਮਿਸ਼ਨ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਆਖਿਆ ਗਿਆ ਹੈ। -ਪੀਟੀਆਈ