ਬਹਿਬਲ ਗੋਲੀ ਕਾਂਡ: ਦੋ ਪੁਲੀਸ ਅਧਿਕਾਰੀ ਜ਼ਮਾਨਤ ’ਤੇ ਰਿਹਾਅ

ਬਹਿਬਲ ਗੋਲੀ ਕਾਂਡ: ਦੋ ਪੁਲੀਸ ਅਧਿਕਾਰੀ ਜ਼ਮਾਨਤ ’ਤੇ ਰਿਹਾਅ

ਐੱਸ.ਪੀ ਬਿਕਰਮ ਸਿੰਘ ਅਤੇ ਤਤਕਾਲੀ ਐੱਸ.ਐੱਚ.ਓ ਅਮਰਜੀਤ ਸਿੰਘ ਕੁਲਾਰ।

ਜਸਵੰਤ ਜੱਸ
ਫ਼ਰੀਦਕੋਟ, 25 ਨਵੰਬਰ

ਬਹਿਬਲ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਐੱਸਪੀ ਬਿਕਰਮਜੀਤ ਸਿੰਘ ਅਤੇ ਥਾਣਾ ਬਾਜਾਖਾਨਾ ਦੇ ਤਤਕਾਲੀ ਐੱਸਐੱਚਓ ਅਮਰਜੀਤ ਸਿੰਘ ਕੁਲਾਰ ਨੂੰ ਅੱਜ ਇੱਥੋਂ ਦੀ ਇਲਾਕਾ ਮੈਜਿਸਟਰੇਟ ਦੀ ਅਦਾਲਤ ’ਚੋਂ ਜ਼ਮਾਨਤ ਮਿਲ ਗਈ ਹੈ। ਜੁਡੀਸ਼ਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਦੋਹਾਂ ਪੁਲੀਸ ਅਧਿਕਾਰੀਆਂ ਨੂੰ ਇੱਕ ਲੱਖ ਰੁਪਏ ਦਾ ਜ਼ਮਾਨਤਨਾਮਾ ਅਤੇ ਮੁਚੱਲਕਾ ਭਰਨ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਦੋਵੇਂ ਪੁਲੀਸ ਅਧਿਕਾਰੀਆਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦਿੰਦਿਆਂ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਦੋਹਾਂ ਪੁਲੀਸ ਅਧਿਕਾਰੀਆਂ ਨੂੰ ਚਲਾਨ ਦੀਆਂ ਨਕਲਾਂ ਸੌਂਪਦਿਆਂ ਇਸ ਮਾਮਲੇ ਦੀ ਸੁਣਵਾਈ 27 ਨਵੰਬਰ ਤੱਕ ਮੁਲਤਵੀ ਕਰ ਦਿੱਤੀ। ਇਸ ਦੌਰਾਨ ਵਿਸ਼ੇਸ਼ ਜਾਂਚ ਟੀਮ ਨੇ ਅੱਜ ਅਦਾਲਤ ਵਿੱਚ ਪੇਸ਼ ਹੋ ਕੇ ਖੁਲਾਸਾ ਕੀਤਾ ਕਿ ਦੋਵੇਂ ਪੁਲੀਸ ਅਧਿਕਾਰੀਆਂ ਖਿਲਾਫ਼ ਫੌਜਦਾਰੀ ਮੁਕੱਦਮਾ ਚਲਾਉਣ ਲਈ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਜਾਂਚ ਟੀਮ ਨੇ ਇਸ ਸਬੰਧੀ ਪ੍ਰਮੁੱਖ ਸਕੱਤਰ ਦਾ ਹੁਕਮ ਵੀ ਅਦਾਲਤ ਵਿੱਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਅਤੇ ਸੁਹੇਲ ਸਿੰਘ ਬਰਾੜ ਖਿਲਾਫ਼ ਚਲਾਨ ਅਦਾਲਤ ਵਿੱਚ ਪੇਸ਼ ਹੋ ਚੁੱਕੇ ਹਨ। ਵਿਸ਼ੇਸ਼ ਜਾਂਚ ਟੀਮ ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਚੁੱਕੀ ਹੈ ਪਰੰਤੂ ਅਜੇ ਤੱਕ ਉਨ੍ਹਾਂ ਖਿਲਾਫ਼ ਚਲਾਨ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All