ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਸਤੰਬਰ
‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਮਦ ਤੋਂ ਪਹਿਲਾਂ ਕਿਰਤੀ ਅਤੇ ਕ੍ਰਾਂਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਜ਼ਿਲ੍ਹਾ ਸਕੱਤਰੇਤ ਸਾਹਮਣੇ ਪੁਲੀਸ ਦੀਆਂ ਰੋਕਾਂ ਤੋੜ ਕੇ ਪੰਡਾਲ ਵਿੱਚ ਪੁੱਜ ਗਏ। ਇਸ ਕਾਰਨ ਉਨ੍ਹਾਂ ਦਾ ਪੁਲੀਸ ਨਾਲ ਟਕਰਾਅ ਹੋ ਗਿਆ। ਪੁਲੀਸ ਵੱਲੋਂ ਕੀਤੇ ਲਾਠੀਚਾਰਜ ’ਚ 5 ਕਿਸਾਨ ਜ਼ਖ਼ਮੀ ਹੋ ਗਏ। ਇਸ ਮੌਕੇ ਧੱਕਾ ਮੁੱਕੀ ’ਚ ਕਿਸਾਨਾਂ ਦੀਆਂ ਪੱਗਾਂ ਲਹਿ ਗਈਆਂ ਤੇ ਰੋਹ ਵਿੱਚ ਆਏ ਕਿਸਾਨਾਂ ਨੇ ਚੱਕਾ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਥਿਤੀ ਬੇਹੱਦ ਤਣਾਅਪੂਰਨ ਵਾਲੀ ਬਣ ਗਈ ਅਤੇ ਐੱਸਪੀ ਜਗਤਪ੍ਰੀਤ ਸਿੰਘ ਨੇ ਖੁਦ ਵੀ ਹੱਥ ਵਿੱਚ ਡਾਂਗ ਚੁੱਕ ਲਈ। ਪੁਲੀਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਥਾਂ-ਥਾਂ ’ਤੇ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਸਿਰਫ ਅਕਾਲੀ ਵਰਕਰਾਂ ਨੂੰ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਪੁਲੀਸ ਨੇ ਸਵੇਰੇ ਹੀ ਕਿਰਤੀ ਕਿਸਾਨ ਯੂਨੀਅਨ ਦੀ ਦਫ਼ਤਰ ਵਿੱਚ ਛਾਪਾ ਮਾਰਿਆ ਅਤੇ ਕੁਝ ਕਿਸਾਨ ਆਗੂ ਪੁਲੀਸ ਨੇ ਹਿਰਾਸਤ ਵਿੱਚ ਵੀ ਲੈ ਲਏ। ਪੰਡਾਲ ਕੋਲ ਪੁੱਜਣ ਬਾਅਦ ਪੁਲੀਸ ਨੇ ਕਿਸਾਨਾਂ ’ਤੇ ਮੁੜ ਪੂਰੀ ਤਾਕਤ ਨਾਲ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪਥਰਾਅ ਕਾਰਨ ਕਈ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਰੋਹ ਵਿੱਚ ਆਏ ਕਿਸਾਨਾਂ ਨੇ ਦਰਜਨ ਦੇ ਕਰੀਬ ਨਿੱਜੀ ਵਾਹਨਾਂ ਦੀ ਭੰਨਤੋਡ ਕੀਤੀ। ਪੁਲੀਸ ਨੇ ਪੱਤਰਕਾਰਾਂ ਨੂੰ ਧੱਕੇ ਮਾਰੇ, ਕਈ ਪੱਤਰਕਾਰਾਂ ਦੀਆਂ ਪੱਗ ਲੱਥ ਗਈਆਂ ਤੇ ਉਨ੍ਹਾਂ ਦੇ ਕੈਮਰੇ ਖੋਹ ਲਏ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯਨੀਅਨ ਆਗੂ ਬਲਦੇਵ ਸਿੰਘ ਜ਼ੀਰਾ, ਲੋਕ ਸੰਗਰਾਮ ਮੰਚ ਸੂਬਾ ਪ੍ਰਧਾਨ ਤਾਰਾ ਸਿੰਘ, ਗੁਰਦੀਪ ਸਿੰਘ ਵੈਰੋਕੇ, ਪਰਮਿੰਦਰ ਬਰਾੜ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਸੰਯੁਕਤ ਮੋਰਚੇ ਦੇ ਸੱਦੇ ਉੱਤੇ ਇਹ ਵਿਰੋਧ ਜਾਰੀ ਰਹੇਗਾ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ 100 ਦਿਨ ਦੀ ਹਲਕਾ ਵਾਰ ਬੈਠਕਾਂ ਤੇ ਚੋਣ ਰੈਲੀਆਂ ਕਰ ਰਹੇ ਹਨ। ਇਸ ਕੜੀ ਤਹਿਤ ਉਹ ਮੋਗਾ ਵਿਖੇ ਰੈਲੀ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਉਹ ਵਿਧਾਨ ਸਭਾ ਹਲਕਾ ਧਰਮਕੋਟ ਵਿਖੇ ਵਰਕਰਾਂ ਨੂੰ ਮੀਟਿੰਗ ਕਰਨ ਪੁੱਜ ਰਹੇ। ਉਨ੍ਹਾਂ ਦਾ ਲਗਾਤਾਰ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ।