DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda Suitcase Body: ਪ੍ਰੇਮੀ ਹੀ ਨਿਕਲਿਆ ਮੁਟਿਆਰ ਦਾ ਕਾਤਲ

ਪੁਲੀਸ ਨੇ ਕਤਲ ’ਚ ਵਰਤਿਆ ਚਾਕੂ ਤੇ ਕਾਰ ਕੀਤੀ ਬਰਾਮਦ

  • fb
  • twitter
  • whatsapp
  • whatsapp
featured-img featured-img
ਘਟਨਾ ਵਾਲੀ ਥਾਂ ਦੀ ਪੁਰਾਣੀ ਤਸਵੀਰ। ਫੋਟੋ; ਪਵਨ ਸ਼ਰਮਾ
Advertisement

ਬਠਿੰਡਾ ਪੁਲੀਸ ਨੇ ਕਤਲ ਕਰ ਕੇ ਸੂਟਕੇਸ ’ਚ ਸੁੱਟੀ ਮੁਟਿਆਰ ਦੀ ਲਾਸ਼ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ, ਜਿਸ ਦੀ ਅੱਧਸੜੀ ਲਾਸ਼ 11 ਫਰਵਰੀ ਦੀ ਦੁਪਹਿਰ ਨੂੰ ਬਠਿੰਡਾ-ਮਲੋਟ ਹਾਈਵੇਅ 'ਤੇ ਪੈਂਦੇ ਪਿੰਡ ਬਹਿਮਣ ਦੀਵਾਨਾ ਨੇੜੇ ਇੱਕ ਸੂਟਕੇਸ ਵਿੱਚੋਂ ਮਿਲੀ ਸੀ।

ਮੁਲਜ਼ਮ ਮਾਨਸਿਕ ਤੌਰ 'ਤੇ ਪੀੜਤ ਦੱਸਿਆ ਗਿਆ ਹੈ ਜੋ ਮੁਟਿਆਰ ਦਾ ਪ੍ਰੇਮੀ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਤਲ ਵਿੱਚ ਵਰਤਿਆ ਗਿਆ ਚਾਕੂ ਅਤੇ ਲਾਸ਼ ਨੂੰ ਲਿਜਾਣ ਲਈ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਮ੍ਰਿਤਕਾ ਦੀ ਪਛਾਣ 20 ਸਾਲਾ ਸਪਨਾ ਉਰਫ਼ ਮੱਲਿਕਾ ਵਜੋਂ ਹੋਈ ਹੈ, ਜੋ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਦੀ ਰਹਿਣ ਵਾਲੀ ਸੀ ਅਤੇ ਬਠਿੰਡਾ ਵਿੱਚ ਰਹਿ ਰਹੀ ਸੀ। ਮੁਲਜ਼ਮ ਦੀ ਪਛਾਣ ਪਿੰਡ ਗੁਲਾਬਗੜ੍ਹ ਦੇ 35 ਸਾਲਾ ਪ੍ਰਿੰਸ ਕੁਮਾਰ ਵਜੋਂ ਹੋਈ ਹੈ, ਜੋ ਕਥਿਤ ਤੌਰ 'ਤੇ ਸੁਰਖਪੀਰ ਇਲਾਕੇ ਵਿੱਚ ਰਹਿੰਦਾ ਹੈ ਅਤੇ ਨਸ਼ੇੜੀ ਹੈ। ਕਤਲ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਜਿਸ ਬਾਰੇ ਪੁਲੀਸ ਨੇ ਕਿਹਾ ਕਿ ਅਗਲੇਰੀ ਪੁੱਛਗਿੱਛ ਦੌਰਾਨ ਸਪੱਸ਼ਟ ਹੋ ਜਾਵੇਗਾ।

Advertisement

ਬਠਿੰਡਾ ਦੀ ਐੱਸ.ਐੱਸ.ਪੀ. ਜਯੋਤੀ ਯਾਦਵ ਨੇ ਦੱਸਿਆ ਕਿ ਮੁਲਜ਼ਮ ਨੇ 9 ਫਰਵਰੀ ਦੀ ਸਵੇਰ ਨੂੰ ਆਪਣੇ ਘਰ ਵਿੱਚ ਸਪਨਾ ਦਾ ਕਤਲ ਕਰਨ ਅਤੇ ਦੋ ਦਿਨ ਲਾਸ਼ ਉੱਥੇ ਰੱਖਣ ਦੀ ਗੱਲ ਕਬੂਲੀ ਹੈ। ਉਨ੍ਹਾਂ ਕਿਹਾ, “ਪੀੜਤ ਵਿਆਹੀ ਹੋਈ ਸੀ, ਪਰ ਸ਼ਾਇਦ ਉਸ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ। ਮੁਲਜ਼ਮ ਨੇ ਪਹਿਲਾਂ ਉਸ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਫਿਰ ਸਬੂਤ ਨਸ਼ਟ ਕਰਨ ਲਈ ਸੂਟਕੇਸ ਵਿੱਚ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਫੜੇ ਜਾਣ ਦੇ ਡਰ ਤੋਂ ਉਸ ਨੇ ਦੋ ਦਿਨ ਲਾਸ਼ ਆਪਣੇ ਘਰ ਰੱਖੀ ਅਤੇ ਫਿਰ 10-11 ਫਰਵਰੀ ਦੀ ਦਰਮਿਆਨੀ ਰਾਤ ਨੂੰ ਇਸ ਨੂੰ ਨਵੇਂ ਸੂਟਕੇਸ ਵਿੱਚ ਪਾ ਕੇ ਬਹਿਮਣ ਦੀਵਾਨਾ ਨੇੜੇ ਸੁੱਟ ਦਿੱਤਾ।

Advertisement

ਕਤਲ ਤੋਂ ਬਾਅਦ, ਮੁਲਜ਼ਮ ਨੇ ਸ਼ਾਇਦ ਹਮਦਰਦੀ ਹਾਸਲ ਕਰਨ ਲਈ ਆਪਣੀ ਛਾਤੀ 'ਤੇ ਲੜਕੀ ਦਾ ਟੈਟੂ ਵੀ ਬਣਵਾਇਆ ਸੀ।” ਐੱਸ.ਐੱਸ.ਪੀ. ਨੇ ਅੱਗੇ ਦੱਸਿਆ ਕਿ ਪੁਲੀਸ ਨੇ ਮ੍ਰਿਤਕਾ ਦੇ ਚਿਹਰੇ ਅਤੇ ਉਸ ਦੇ ਸਰੀਰ 'ਤੇ ਬਣੇ ਟੈਟੂ ਤੋਂ ਉਸ ਦੀ ਪਛਾਣ ਕਰਨ ਤੋਂ ਬਾਅਦ ਮੁਲਜ਼ਮ ਦਾ ਪਤਾ ਲਗਾਇਆ। ਉਨ੍ਹਾਂ ਕਿਹਾ, “ਅਸੀਂ ਉਸ ਦਾ ਫ਼ੋਨ ਨੰਬਰ ਅਤੇ ਕਾਲ ਰਿਕਾਰਡ ਹਾਸਲ ਕੀਤਾ, ਜਿਸ ਨਾਲ ਸਾਨੂੰ ਲਗਭਗ 15 ਸ਼ੱਕੀਆਂ ਦੀ ਸੂਚੀ ਬਣਾਉਣ ਵਿੱਚ ਮਦਦ ਮਿਲੀ। 7 ਫਰਵਰੀ ਨੂੰ ਉਹ ਇੱਕ ਵਿਅਕਤੀ ਨਾਲ ਦੇਖੀ ਗਈ ਸੀ, ਜਿਸ ਦੀ ਬਾਅਦ ਵਿੱਚ ਪ੍ਰਿੰਸ ਵਜੋਂ ਪਛਾਣ ਹੋਈ।”

ਉਨ੍ਹਾਂ ਕਿਹਾ “ਉਹ ਪਿਛਲੇ ਕੁਝ ਸਮੇਂ ਤੋਂ ਦੋਸਤ ਸਨ ਅਤੇ ਸੋਸ਼ਲ ਮੀਡੀਆ 'ਤੇ ਸਰਗਰਮ ਸਨ। ਕੁਝ ਨਿੱਜੀ ਮਤਭੇਦਾਂ ਜਾਂ ਸ਼ੱਕ ਕਾਰਨ ਇਹ ਕਾਰਾ ਕੀਤਾ ਗਿਆ ਹੋ ਸਕਦਾ ਹੈ। ਮ੍ਰਿਤਕਾ ਕਿਸੇ ਹੋਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ। ਇੱਕ ਸੂਟਕੇਸ ਪੂਰੀ ਤਰ੍ਹਾਂ ਸੜਿਆ ਹੋਇਆ ਮਿਲਿਆ ਸੀ, ਜਦੋਂ ਕਿ ਲਾਸ਼ ਨੂੰ ਲਿਜਾਣ ਲਈ ਇੱਕ ਨਵਾਂ ਸੂਟਕੇਸ ਵਰਤਿਆ ਗਿਆ ਸੀ। ਮੁਲਜ਼ਮ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ।”

ਐੱਸ.ਐੱਸ.ਪੀ. ਨੇ ਅੱਗੇ ਦੱਸਿਆ “ਦੋਵੇਂ ਇਸ ਵੇਲੇ ਕੰਮ ਨਹੀਂ ਕਰ ਰਹੇ ਸਨ, ਅਤੇ ਉਹ ਪੈਸੇ ਕਿਵੇਂ ਕਮਾ ਰਹੇ ਸਨ ਇਹ ਜਾਂਚ ਦਾ ਵਿਸ਼ਾ ਹੈ। ਵਿਸਰਾ ਰਿਪੋਰਟ ਤੋਂ ਸਪੱਸ਼ਟ ਹੋਵੇਗਾ ਕਿ ਕੀ ਲੜਕੀ ਵੀ ਨਸ਼ਾ ਕਰਦੀ ਸੀ ਜਾਂ ਨਹੀਂ।” ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ।

Advertisement
×