Bathinda Student Beating: ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਦੇ ਦੋਸ਼
ਬਠਿੰਡਾ ਦੇ ਘਨੱਈਆ ਨਗਰ ਦਾ ਮਾਮਲਾ; ਪਰਿਵਾਰ ਨੇ ਥਾਣਾ ਸਿਵਲ ਲਾਈਨਜ਼ ’ਚ ਦਿੱਤੀ ਸ਼ਿਕਾਇਤ, ਪ੍ਰਿੰਸੀਪਲ ਨੇ ਦੋਸ਼ਾਂ ਨੂੰ ਨਕਾਰਿਆ
ਬਠਿੰਡਾ ਦੇ ਘਨੱਈਆ ਨਗਰ ਸਥਿਤ ਸਰਕਾਰੀ ਹਾਈ ਸਕੂਲ ਵਿੱਚ ਛੇਵੀਂ ਜਮਾਤ ਦੇ 11 ਸਾਲਾ ਵਿਦਿਆਰਥੀ ਦੀ ਅੰਗਰੇਜ਼ੀ ਅਧਿਆਪਕਾ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਬੱਚੇ ਦੇ ਪਰਿਵਾਰ ਵੱਲੋਂ ਸਿਵਲ ਲਾਈਨਜ਼ ਥਾਣੇ ਵਿੱਚ ਸ਼ਿਕਾਇਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸਾਗਰ ਨਾਮ ਦਾ ਵਿਦਿਆਰਥੀ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ। ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਅੰਗਰੇਜ਼ੀ ਅਧਿਆਪਕਾ ਮਨਜੀਤ ਕੌਰ ਨੇ ਬੱਚੇ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪਰਿਵਾਰ ਵੱਲੋਂ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ।
ਉਧਰ, ਸਕੂਲ ਦੇ ਪ੍ਰਿੰਸੀਪਲ ਸੰਜੀਵ ਗਰਗ ਨੇ ਵਿਦਿਆਰਥੀ ਦੀ ਗੰਭੀਰ ਕੁੱਟਮਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਬੱਚਿਆਂ ਦਾ ਹਮੇਸ਼ਾ ਭਲਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਬੱਚਾ ਕਲਾਸ ਵਿੱਚ ਸ਼ਰਾਰਤਾਂ ਕਰ ਰਿਹਾ ਸੀ ਅਤੇ ਅਧਿਆਪਕਾ ਵੱਲੋਂ ਉਸ ਨੂੰ ਸਿਰਫ਼ ਹਲਕੀ ਝਿੜਕ/ਤਾੜਨਾ ਹੀ ਦਿੱਤੀ ਗਈ ਸੀ। ਪ੍ਰਿੰਸੀਪਲ ਨੇ ਕਿਹਾ ਕਿ ਮਾਮਲੇ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਸਿਵਲ ਲਾਈਨਜ਼ ਥਾਣੇ ਦੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਮਾਮਲੇ ਦੀ ਪੜਤਾਲ ਕਰ ਰਹੇ ਹਨ। ਪੁਲੀਸ ਵੱਲੋਂ ਬੱਚੇ ਅਤੇ ਉਸ ਦੇ ਪਰਿਵਾਰ ਦੇ ਬਿਆਨ ਦਰਜ ਕਰਨ ਸਮੇਤ ਮਾਮਲੇ ਦੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

