ਜ਼ਿਲ੍ਹੇ ਦੇ ਪਿੰਡ ਨਰੂਆਣਾ ਅਤੇ ਜੈ ਸਿੰਘ ਵਾਲਾ ਵਿੱਚ ਅੱਜ ਤਿੰਨ ਸਰਕਾਰੀ ਇਮਾਰਤਾਂ ਦੀਆਂ ਚਾਰਦੀਵਾਰੀਆਂ ’ਤੇ ‘31 ਅਗਸਤ ਸ਼ਹੀਦ ਦਿਲਾਵਰ ਬੱਬਰ ਜ਼ਿੰਦਾਬਾਦ’ ਅਤੇ ‘ਸ਼ਹੀਦ ਦਿਲਾਵਰ ਬੱਬਰ ਜ਼ਿੰਦਾਬਾਦ ਐੱਸ ਐੱਫ ਜੇ’ ਆਦਿ ਨਾਅਰੇ ਲਿਖੇ ਹੋਏ ਮਿਲਣ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਇਮਾਰਤਾਂ ’ਤੇ ਨਾਅਰੇ ਲਿਖੇ ਜਾਣ ਦੀ ਸੂਚਨਾ ਮਿਲਦਿਆਂ ਹੀ ਦਿਹਾਤੀ ਪੁਲੀਸ ਦੀਆਂ ਟੀਮਾਂ ਸਰਗਰਮ ਹੋ ਗਈਆਂ।
ਮਾਮਲਾ ਸਾਹਮਣੇ ਆਉਣ ’ਤੇ ਪੁਲੀਸ ਨੇ ਸਬੰਧਿਤ ਥਾਵਾਂ ’ਤੇ ਪਹੁੰਚ ਕੇ ਨਾਅਰੇ ਲਿਖੀਆਂ ਕੰਧਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਰੰਗ ਕਰਕੇ ਮਿਟਾ ਦਿੱਤਾ। ਹੁਣ ਪੁਲੀਸ ਵੱਲੋਂ ਇਹ ਪਤਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਕੰਧਾਂ ’ਤੇ ਇਹ ਨਾਅਰੇ ਕਿਸ ਵੱਲੋਂ ਅਤੇ ਕਦੋਂ ਲਿਖੇ ਗਏ।
ਉਧਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਰਾਹੀਂ ਵਿਦੇਸ਼ ਵਿੱਚ ਰਹਿੰਦੇ ਐੱਸ ਐੱਫ ਜੇ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਇਸ ਦਾਅਵੇ ਦੀ ਪੁਲੀਸ ਵੱਲੋਂ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ।
ਉੱਥੇ ਹੀ ਬਠਿੰਡਾ ਦਿਹਾਤੀ ਖੇਤਰ ਦੇ ਡੀ ਐੱਸ ਪੀ ਐੱਚ ਐੱਸ ਸਰਾ ਨੇ ਦੱਸਿਆ ਕਿ ਨਰੂਆਣਾ ਅਤੇ ਜੈ ਸਿੰਘ ਵਾਲਾ ਪਿੰਡਾਂ ਦੀਆਂ ਸਰਕਾਰੀ ਇਮਾਰਤਾਂ ’ਤੇ ਇਹ ਨਾਅਰੇ ਲਿਖੇ ਹੋਏ ਮਿਲੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਇਸ ਸਬੰਧੀ ਭਾਰਤੀ ਨਿਆਂ ਸੰਹਿਤਾ (BNS) ਅਤੇ ਹੋਰ ਲਾਗੂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਡੀ ਐੱਸ ਪੀ ਨੇ ਕਿਹਾ ਕਿ ਕੁਝ ਗ਼ੈਰ-ਸਮਾਜਿਕ ਅਨਸਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਪਰ ਪੁਲੀਸ ਅਜਿਹੀਆਂ ਕੋਸ਼ਿਸ਼ਾਂ ਨੂੰ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੂਜੇ ਪਾਸੇ ਥਾਣਾ ਸਦਰ ਬਠਿੰਡਾ ਦੇ ਐੱਸ ਐੱਚ ਓ ਮੁਨੀਸ਼ ਕੁਮਾਰ ਨੇ ਦੱਸਿਆ ਕਿ ਨਾਅਰੇ ਲਿਖੀਆਂ ਇਮਾਰਤਾਂ ਦੇ ਆਸ-ਪਾਸ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲੀਸ ਵੱਲੋਂ ਹੋਰ ਪਹਿਲੂਆਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਨਾਅਰੇ ਲਿਖਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

