Bathinda Roof Collapse: ਤਲਵੰਡੀ ਸਾਬੋ ਵਿਖੇ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ; ਦੋ ਧੀਆਂ ਗੰਭੀਰ ਜ਼ਖ਼ਮੀ
ਏਮਜ਼ ਬਠਿੰਡਾ ਵਿਖੇ ਜ਼ਖ਼ਮੀ ਬੱਚੀਆਂ ਦਾ ਇਲਾਜ ਜਾਰੀ; ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ ਪਰਿਵਾਰ
Bathinda roof collapse: ਬਠਿੰਡਾ ਜ਼ਿਲ੍ਹੇ ਦੇ ਕਸਬਾ ਤਲਵੰਡੀ ਸਾਬੋ ਵਿੱਚ ਸੋਮਵਾਰ ਦੇਰ ਰਾਤ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੀਆਂ ਦੋ ਧੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਦੋਵਾਂ ਜ਼ਖ਼ਮੀ ਬੱਚੀਆਂ ਨੂੰ ਇਲਾਜ ਲਈ ਏਮਜ਼ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ, ਧਰਮ ਸਿੰਘ ਉਰਫ਼ ਕਾਲਾ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤਾ ਹੋਇਆ ਸੀ। ਰਾਤ ਕਰੀਬ 11 ਵਜੇ ਅਚਾਨਕ ਕਮਰੇ ਦੀ ਛੱਤ ਢਹਿ ਗਈ। ਛੱਤ ਦੇ ਮਲਬੇ ਹੇਠਾਂ ਦੱਬਣ ਕਾਰਨ ਉਸ ਦੀ ਪਤਨੀ ਵੀਰਪਾਲ ਕੌਰ (40) ਅਤੇ ਪੁੱਤਰ ਅਰਸ਼ਦੀਪ ਸਿੰਘ (14) ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸਥਾਨਕ ਲੋਕਾਂ ਨੇ ਕੱਢਿਆ ਮਲਬੇ 'ਚੋਂ ਬਾਹਰਇਸ ਹਾਦਸੇ ਵਿੱਚ ਪਰਿਵਾਰ ਦੀਆਂ ਦੋ ਧੀਆਂ ਸਨਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਸਥਾਨਕ ਲੋਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਅਤੇ ਤੁਰੰਤ ਤਲਵੰਡੀ ਸਾਬੋ ਦੇ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਬਾਅਦ ਵਿੱਚ ਏਮਜ਼ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ। ਫਿਲਹਾਲ ਉੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਵਾਲ-ਵਾਲ ਬਚਿਆ ਘਰ ਦਾ ਮੁਖੀ
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਧਰਮ ਸਿੰਘ ਕਮਰੇ ਤੋਂ ਬਾਹਰ ਸੁੱਤਾ ਹੋਇਆ ਸੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਿਆ। ਇਹ ਪਰਿਵਾਰ ਬੇਹੱਦ ਗ਼ਰੀਬ ਹੈ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ।
ਬਾਹਰ ਸੌਣ ਕਾਰਨ ਬਚੀ ਘਰ ਦੇ ਮੁਖੀ ਦੀ ਜਾਨ
ਪੀੜਤ ਪਰਿਵਾਰ ਦੇ ਗੁਆਂਢੀਆਂ ਦਰਸ਼ਨ ਸਿੰਘ ਅਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਘਰ ਦਾ ਮੁਖੀ ਕਾਲਾ ਬਾਹਰ ਸੌਂ ਰਿਹਾ ਸੀ, ਜਦਕਿ ਬਾਕੀ ਪਰਿਵਾਰਕ ਮੈਂਬਰ ਕਮਰੇ ਦੇ ਅੰਦਰ ਸਨ। ਅਚਾਨਕ ਛੱਤ ਡਿੱਗਣ ਕਾਰਨ ਮਾਂ-ਪੁੱਤ ਮਲਬੇ ਹੇਠਾਂ ਦੱਬ ਗਏ ਅਤੇ ਉਨ੍ਹਾਂ ਦੀ ਜਾਨ ਚਲੀ ਗਈ। ਗੁਆਂਢੀਆਂ ਨੇ ਪੀੜਤ ਪਰਿਵਾਰ ਲਈ ਸਰਕਾਰ ਪਾਸੋਂ ਤੁਰੰਤ ਆਰਥਿਕ ਸਹਾਇਤਾ ਦੀ ਮੰਗ ਕਰਦਿਆਂ ਕਿਹਾ, “ ਕਮਰੇ ਦੀ ਛੱਤ ਕਾਫ਼ੀ ਕਮਜ਼ੋਰ ਹੋ ਚੁੱਕੀ ਸੀ। ਪਰਿਵਾਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਕੋਲ ਛੱਤ ਦੀ ਮੁਰੰਮਤ ਕਰਵਾਉਣ ਲਈ ਪੈਸੇ ਨਹੀਂ ਸਨ, ਜਿਸ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ ਹੈ।”

