Bathinda News: ਕਾਰੋਬਾਰੀ ਤੋਂ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ASI ਵਿਰੁੱਧ ਮਾਮਲਾ ਦਰਜ
ਬਠਿੰਡਾ ਦੇ ਸੀ ਆਈ ਏ ਸਟਾਫ਼-1 ਵਿੱਚ ਤਾਇਨਾਤ ਏ ਐੱਸ ਆਈ ਮਨਜਿੰਦਰ ਸਿੰਘ ਵਿਰੁੱਧ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕੀਤਾ ਹੈ। ਉਸ 'ਤੇ ਸਿਰਕੀ ਬਾਜ਼ਾਰ ਨੇੜੇ ਅਗਰਵਾਲ ਸਟਰੀਟ ਵਿੱਚ ਦੁਕਾਨ ਚਲਾਉਣ ਵਾਲੇ ਇੱਕ ਸਥਾਨਕ ਕਾਰੋਬਾਰੀ ਦੁਸ਼ਾਂਤ ਬਾਂਸਲ ਤੋਂ ਰਿਸ਼ਵਤ ਮੰਗਣ...
ਬਠਿੰਡਾ ਦੇ ਸੀ ਆਈ ਏ ਸਟਾਫ਼-1 ਵਿੱਚ ਤਾਇਨਾਤ ਏ ਐੱਸ ਆਈ ਮਨਜਿੰਦਰ ਸਿੰਘ ਵਿਰੁੱਧ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕੀਤਾ ਹੈ। ਉਸ 'ਤੇ ਸਿਰਕੀ ਬਾਜ਼ਾਰ ਨੇੜੇ ਅਗਰਵਾਲ ਸਟਰੀਟ ਵਿੱਚ ਦੁਕਾਨ ਚਲਾਉਣ ਵਾਲੇ ਇੱਕ ਸਥਾਨਕ ਕਾਰੋਬਾਰੀ ਦੁਸ਼ਾਂਤ ਬਾਂਸਲ ਤੋਂ ਰਿਸ਼ਵਤ ਮੰਗਣ ਦਾ ਦੋਸ਼ ਹੈ।
ਬਾਂਸਲ ਨੇ ਦੋਸ਼ ਲਗਾਇਆ ਹੈ ਕਿ 22 ਅਪਰੈਲ ਨੂੰ ਏ ਐੱਸ ਆਈ ਤਿੰਨ ਹੋਰ ਪੁਲੀਸ ਵਾਲਿਆਂ ਸਮੇਤ ਉਸ ਦੇ ਹਿੱਸੇਦਾਰ ਰੁਪੇਸ਼ ਗੁਪਤਾ ਦੇ ਘਰ ਪਹੁੰਚਿਆ ਸੀ। ਉੱਥੇ ਉਨ੍ਹਾਂ 'ਤੇ ਨਕਲੀ ਕਾਸਮੈਟਿਕ ਸਾਮਾਨ ਵੇਚਣ ਦਾ ਦੋਸ਼ ਲਗਾ ਕੇ ਕਾਰਵਾਈ ਨਾ ਕਰਨ ਬਦਲੇ 5 ਲੱਖ ਰੁਪਏ ਮੰਗੇ ਗਏ, ਪਰ ਬਾਅਦ ਵਿੱਚ ਸੌਦਾ 2.25 ਲੱਖ ਰੁਪਏ ਵਿੱਚ ਤੈਅ ਹੋਇਆ।
ਬਾਂਸਲ ਨੇ ਦਾਅਵਾ ਕੀਤਾ ਕਿ ਜਿਹੜੇ ਲੋਕ ਮਨਜਿੰਦਰ ਦੇ ਨਾਲ ਆਏ ਸਨ, ਉਹ ਬਾਅਦ ਵਿੱਚ ਉਨ੍ਹਾਂ ਨੂੰ ਇੱਕ ਕਾਰ ਵਿੱਚ ਮਿਲੇ ਅਤੇ ਪੈਸਿਆਂ ਦੀ ਮੰਗ ਕੀਤੀ, ਜਿਸ ਨੂੰ ਸਬੂਤ ਵਜੋਂ ਰਿਕਾਰਡ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਭਾਜਪਾ ਦੇ ਬਠਿੰਡਾ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਸ਼ਿਕਾਇਤਕਰਤਾ ਦੇ ਨਾਲ ਕੱਲ੍ਹ ਇਸ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ ਸੀ।
ਐੱਫ ਆਈ ਆਰ ਮੁਤਾਬਕ, ਸ਼ਿਕਾਇਤਕਰਤਾ ਵੱਲੋਂ ਬਾਕੀ ਤਿੰਨ ਪੁਲੀਸ ਮੁਲਾਜ਼ਮਾਂ ਦੀ ਪਛਾਣ ਨਾ ਕਰ ਪਾਉਣ ਕਾਰਨ, ਫਿਲਹਾਲ ਸਿਰਫ਼ ਏ ਐੱਸ ਆਈ ਮਨਜਿੰਦਰ ਸਿੰਘ ਵਿਰੁੱਧ ਹੀ ਮਾਮਲਾ ਦਰਜ ਕੀਤਾ ਗਿਆ ਹੈ।
ਐੱਫ ਆਈ ਆਰ ਵਿੱਚ ਦੱਸਿਆ ਗਿਆ ਹੈ ਕਿ ਸ਼ਿਕਾਇਤਕਰਤਾ ਨੇ ਸੂਬਾ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਸੀ।

