DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bathinda News: ਰਜਵਾਹੇ ’ਚ ਪਿਆ 25 ਫੁੱਟ ਦਾ ਪਾੜ; 500 ਏਕੜ ਰਕਬੇ ਵਿੱਚ ਭਰਿਆ ਪਾਣੀ

ਪਿੰਡ ਵਾਸੀ ਸਾਰੀ ਰਾਤ ਕਰਦੇ ਰਹੇ ਜੱਦੋ-ਜਹਿਦ; ਨਹਿਰੀ ਮਹਿਕਮੇ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ

  • fb
  • twitter
  • whatsapp
  • whatsapp
featured-img featured-img
ਕੋਟ ਭਾਈ ਰਜਵਾਹਾ ਦੋ ਥਾਂ ਤੋਂ ਟੁੱਟਿਆ ਤਕਰੀਬਨ 25 ਫੁੱਟ ਪਾੜ ਪਿਆ, ਸੈਂਕੜੇ ਏਕੜ ਚ ਪਾਣੀ ਭਰਿਆ। ਫੋਟੋ; ਮਨੋਜ ਸ਼ਰਮਾ
Advertisement

ਮਹਿਮਾ ਸਰਕਾਰੀ ਤੋਂ ਮਹਿਮਾ ਭਗਵਾਨਾ ਸੰਪਰਕ ਸੜਕ ਦੇ ਨਜ਼ਦੀਕ ਕੋਟਭਾਈ ਰਜਵਾਹੇ ਦੇ ਮੋਘਾ ਨੰਬਰ 71,000 ਰਾਈਟ ਨੇੜੇ ਬੀਤੀ ਰਾਤ ਕਰੀਬ 11 ਵਜੇ ਰਜਵਾਹਾ ਦੋਵਾਂ ਪਾਸਿਆਂ ਤੋਂ ਟੁੱਟ ਗਿਆ। ਇਸ ਕਾਰਨ ਕਰੀਬ 25-25 ਫੁੱਟ ਦਾ ਪਾੜ ਪੈ ਗਿਆ ਅਤੇ ਵੱਡੀ ਮਾਤਰਾ ਵਿੱਚ ਪਾਣੀ ਆਸ-ਪਾਸ ਦੇ ਖੇਤਾਂ ਵਿੱਚ ਫੈਲ ਗਿਆ। ਜਾਣਕਾਰੀ ਅਨੁਸਾਰ ਤਕਰੀਬਨ 500 ਏਕੜ ਰਕਬੇ ਵਿੱਚ ਪਾਣੀ ਭਰ ਜਾਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਅਤੇ ਝੋਨੇ ਦੀਆਂ ਪਨੀਰੀਆਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਸੂਆ ਟੁੱਟਣ ਦੀ ਸੂਚਨਾ ਮਿਲਦੇ ਹੀ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਐਲਾਨ ਕਰਕੇ ਲੋਕਾਂ ਨੂੰ ਇਕੱਠਾ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਵਾਸੀ ਅਤੇ ਕਿਸਾਨ ਸਾਰੀ ਰਾਤ ਆਪਣੇ ਪੱਧਰ ’ਤੇ ਪਾਣੀ ਰੋਕਣ ਲਈ ਜੱਦੋ-ਜਹਿਦ ਕਰਦੇ ਰਹੇ। ਉਨ੍ਹਾਂ ਦਾ ਦੋਸ਼ ਹੈ ਕਿ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਕਰਕੇ ਸੂਚਿਤ ਕੀਤਾ ਗਿਆ, ਪਰ ਮਹਿਕਮੇ ਵੱਲੋਂ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਗਈ।

Advertisement

ਇਸ ਸਬੰਧੀ ਐਕਸੀਅਨ ਜਗਮੀਤ ਸਿੰਘ ਭਾਕਰ ਨੇ ਦਾਅਵਾ ਕੀਤਾ ਕਿ ਰਜਵਾਹੇ ਦਾ ਪਾਣੀ ਘਟਾ ਦਿੱਤਾ ਹੈ, ਪਰ ਪਿੰਡ ਵਾਸੀਆਂ ਅਨੁਸਾਰ ਪਾਣੀ ਦਾ ਵਹਾਅ ਲਗਾਤਾਰ ਵਧਦਾ ਰਿਹਾ। ਐਸਡੀਓ ਵੱਲੋਂ ਵੀ ਟੀਮ ਭੇਜਣ ਦਾ ਭਰੋਸਾ ਦਿੱਤਾ ਜਾਂਦਾ ਰਿਹਾ, ਪਰ ਲੋਕਾਂ ਦਾ ਕਹਿਣਾ ਹੈ ਕਿ ਖ਼ਬਰ ਲਿਖੇ ਜਾਣ ਤੱਕ ਨਹਿਰੀ ਮਹਿਕਮੇ ਦਾ ਕੋਈ ਜ਼ਿੰਮੇਵਾਰ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ।

Advertisement

ਸੂਆ ਟੁੱਟਣ ਕਾਰਨ ਕਿਸਾਨ ਹਵਿੰਦਰ ਪਾਲ, ਰਾਜਾ ਸਿੰਘ, ਪਾਲਾ ਸਿੰਘ, ਸ਼ੇਰਾ ਸਿੰਘ, ਲੀਲੂ ਸਿੰਘ, ਹਰਪਾਲ ਸਿੰਘ, ਰੇਸ਼ਮ ਸਿੰਘ, ਗੁਰਜੀਤ ਸਿੰਘ ਨਿੰਦਰ ਸ਼ਰਮਾ, ਮੇਸ਼ੀ ਸ਼ਰਮਾ ਅਤੇ ਹੋਰ ਕਿਸਾਨਾਂ ਦੀ ਕਰੀਬ 500 ਏਕੜ ਜ਼ਮੀਨ ਪਾਣੀ ਹੇਠ ਆ ਗਈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਝੋਨੇ ਦੀਆਂ ਪਨੀਰੀਆਂ ਤਬਾਹ ਹੋ ਗਈਆਂ ਹਨ, ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਝਟਕਾ ਲੱਗਾ ਹੈ।

ਪੀੜਤ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਅੱਜ ਬਠਿੰਡਾ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਣਗੇ । ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਪਾੜ ਨਾ ਪੂਰਿਆ ਗਿਆ ਅਤੇ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

Advertisement
×