Bathinda : ਤੇਜ਼ੀ ਨਾਲ ਵਧੀ ਗਰਮੀ ਵਿਚਾਲੇ ਮੌਸਮ ਵਿਭਾਗ ਵੱਲੋਂ ਹਲਕੇ ਮੀਂਹ ਦੀ ਪੇਸ਼ੀਨਗੋਈ
ਬਠਿੰਡਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਤੇਜ਼ੀ ਨਾਲ ਵਧੀ ਗਰਮੀ ਤੋਂ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅੱਜ 17 ਅਪਰੈਲ ਤੋਂ ਅਗਲੇ ਦੋ ਦਿਨਾਂ ਤੱਕ ਬੱਦਲਵਾਈ ਨਾਲ ਹਲਕਾ ਮੀਂਹ ਵੀ ਪੈ ਸਕਦਾ ਹੈ। ਜ਼ਿਲ੍ਹੇ ਵਿੱਚ 14 ਅਪਰੈਲ...
ਬਠਿੰਡਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਤੇਜ਼ੀ ਨਾਲ ਵਧੀ ਗਰਮੀ ਤੋਂ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅੱਜ 17 ਅਪਰੈਲ ਤੋਂ ਅਗਲੇ ਦੋ ਦਿਨਾਂ ਤੱਕ ਬੱਦਲਵਾਈ ਨਾਲ ਹਲਕਾ ਮੀਂਹ ਵੀ ਪੈ ਸਕਦਾ ਹੈ।
ਜ਼ਿਲ੍ਹੇ ਵਿੱਚ 14 ਅਪਰੈਲ ਤੋਂ 16 ਅਪਰੈਲ ਤੱਕ ਤਾਪਮਾਨ 'ਚ ਲਗਪਗ 3 ਡਿਗਰੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਸ਼ੁਕਰਵਾਰ ਸਵੇਰੇ ਮਾਲਵਾ ਖੇਤਰ ਵਿੱਚ ਹਲਕੀ ਬੱਦਲਵਾਈ ਹੋਣ ਨਾਲ ਤਾਪਮਾਨ ਵਿੱਚ ਕੁੱਝ ਕਮੀ ਜ਼ਰੂਰ ਦਰਜ ਕੀਤੀ ਗਈ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖ਼ੇਤਰੀ ਕੈਂਪਸ ਤੋਂ ਮਿਲੀ ਰਿਪੋਰਟ ਮੁਤਾਬਕ ਬੀਤੇ ਵੀਰਵਾਰ ਬਠਿੰਡਾ ਦਾ ਤਾਪਮਾਨ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਜਦਕਿ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਰਿਹਾ। ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ ਜੇਕਰ ਪਿਛਲੇ ਤਿੰਨ ਦਿਨਾਂ ਉੱਤੇ ਝਾਤ ਮਾਰੀ ਜਾਵੇ ਤਾਂ 14 ਅਪਰੈਲ ਨੂੰ ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਸੈਲਸੀਅਸ ਸੀ, ਜੋ 15 ਅਪਰੈਲ ਨੂੰ ਵੱਧ ਕੇ 38.6 ਡਿਗਰੀ ਅਤੇ 16 ਅਪਰੈਲ ਨੂੰ ਸਿੱਧਾ 40.4 ਡਿਗਰੀ ਤੱਕ ਪਹੁੰਚ ਗਿਆ। ਉੱਥੇ ਹੀ ਘੱਟੋ - ਘੱਟ ਤਾਪਮਾਨ 17.0 ਡਿਗਰੀ ਤੋਂ ਵੱਧ ਕੇ 19.0 ਡਿਗਰੀ ਤੱਕ ਪੁੱਜ ਗਿਆ।
ਉੱਧਰ ਫਿਰੋਜ਼ਪੁਰ ਦੇ ਝੜੀਵਾਲਾ ਵਿੱਚ ਤਾਪਮਾਨ 40.9 ਡਿਗਰੀ, ਸ੍ਰੀ ਮੁਕਤਸਰ ਸਾਹਿਬ ਦੇ ਗੰਦੜ ਵਿੱਚ 40.4 ਡਿਗਰੀ ਅਤੇ ਬਠਿੰਡਾ ਦੇ ਕਲਿਆਣ ਸੁੱਖਾ ਵਿੱਚ 40.3 ਡਿਗਰੀ ਤਾਪਮਾਨ ਦਰਜ ਹੋਇਆ। ਐੱਸ ਬੀ ਐੱਸ ਨਗਰ ਦੇ ਪੁੰਨੂ ਮਜਾਰਾ ਵਿੱਚ ਵੀ ਪਾਰਾ 40.2 ਡਿਗਰੀ ਤੱਕ ਪਹੁੰਚ ਗਿਆ। ਦੂਜੇ ਪਾਸੇ ਲੁਧਿਆਣਾ, ਜਲੰਧਰ ਅਤੇ ਮੁਹਾਲੀ ਵਰਗੇ ਸ਼ਹਿਰਾਂ ਵਿੱਚ ਵੀ ਤਾਪਮਾਨ 38 ਤੋਂ 39 ਡਿਗਰੀ ਦੇ ਵਿਚਕਾਰ ਰਿਹਾ, ਜਦਕਿ ਗੁਰਦਾਸਪੁਰ, ਪਟਿਆਲਾ ਅਤੇ ਹੁਸ਼ਿਆਰਪੁਰ ਵਿੱਚ ਇਹ 35 ਤੋਂ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਗਿਆਨੀ ਬਲਜਿੰਦਰ ਸਿੰਘ ਬੱਲੋਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵੱਧ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ 17 ਤੋਂ 19 ਅਪਰੈਲ ਤੱਕ ਬੱਦਲਵਾਈ ਦੇ ਨਾਲ ਹਲਕੇ ਮੀਂਹ ਦੀ ਸੰਭਵਾਨਾ ਵੀ ਜਤਾਈ ਹੈ।

