Bathinda MC Elections: ਬਠਿੰਡਾ ’ਚ 6 ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰੱਦ
Bathinda MC Elections: ਡੀ ਸੀ ਦਫ਼ਤਰ ਅੱਗੇ ਲਾਇਆ ਧਰਨਾ
Advertisement
Bahinda MC Elections: ਨਗਰ ਨਿਗਮ ਚੋਣਾਂ ਲਈ 26 ਮਈ ਨੂੰ ਵੋਟਾਂ ਪੈਣੀਆਂ ਹਨ ਅਤੇ ਇਸ ਤੋਂ ਪਹਿਲਾ ਸੂਬੇ ਵਿੱਚ ਹਰ ਕੌਂਸਲ ਅਤੇ ਕਾਰਪੋਰੇਸ਼ਨ ਵਿੱਚ ਮਾਹੌਲ ਗਰਮਾਇਆ ਹੋਇਆ ਹੈ। ਬਠਿੰਡਾ ਵਿੱਚ ਨਿਗਮ ਚੋਣਾਂ ਲਈ ਉਮੀਦਵਾਰਾਂ ਵੱਲੋਂ ਭਰੇ ਕਾਗਜਾਂ ਦੀ ਪੜਤਾਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਂਗਰਸ ਪਾਰਟੀ ਦੇ 6 ਉਮੀਦਵਾਰਾਂ ਦੇ ਕਾਗਜ ਰੱਦ ਕੀਤੇ ਗਏ ਹਨ।
ਨਗਰ ਨਿਗਮ ਬਠਿੰਡਾ ਦੀਆਂ ਆਮ ਚੋਣਾਂ ’ਚ ਅੱਧੀ ਦਰਜਨ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੋਂ ਖ਼ਫ਼ਾ ਕਾਂਗਰਸੀਆਂ ਨੇ ਇੱਥੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਬਾਅਦ ’ਚ ਮੰਗ ਪੱਤਰ ਸੌਂਪਿਆ ਹੈ।
ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਨ ਗਰਗ ਦੀ ਅਗਵਾਈ ’ਚ ਹੋਏ ਇਸ ਪ੍ਰਦਰਸ਼ਨ ਦੌਰਾਨ ਵਫ਼ਦ ਡੀ ਸੀ ਨੂੰ ਮਿਲਿਆ ਅਤੇ ਦੋਸ਼ ਲਾਇਆ ਕਿ ਸੱਤਾਧਾਰੀ ‘ਆਪ’ ਧੱਕੇ ਨਾਲ ਵਿਰੋਧੀਆਂ ਦੇ ਕਾਗਜ਼ ਰੱਦ ਕਰਵਾ ਕੇ ਚੋਣਾਂ ਲੁੱਟਣਾ ਚਾਹੁੰਦੀ ਹੈ।
ਉਨ੍ਹਾਂ ਡੀ ਸੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰ ਕਰਕੇ ਬਣਦਾ ਨਿਆਂ ਦਿੱਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀ ਨੇ ਇਸ ਮਾਮਲੇ ਦੀ ਪੜਤਾਲ ਲਈ ਇੱਕ ਰਿਟਰਨਿੰਗ ਅਧਿਕਾਰੀ ਦੀ ਡਿਊਟੀ ਲਾਏ ਜਾਣ ਦਾ ਵਾਅਦਾ ਕੀਤਾ ਹੈ। ਜ਼ਿਲ੍ਹਾ ਪ੍ਰਧਾਨ ਨੇ ਚੁਣੌਤੀ ਦਿੱਤੀ, ‘‘ਕਿ ਜੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਿੱਚ ਦਮ ਹੈ, ਤਾਂ ਉਹ ਕਾਂਗਰਸ ਦੇ ਬਰਾਬਰ ਚੋਣ ਲੜ ਕੇ ਜਿੱਤੇ, ਫਿਰ ਪਤਾ ਲੱਗੇਗਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ? ਉਨ੍ਹਾਂ ਕਿਹਾ ਕਿ ਸਰਕਾਰ ਚੋਣਾਂ ਲੁੱਟਣਾ ਚਾਹੁੰਦੀ ਹੈ ਅਤੇ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’
Advertisement
ਇਸ ਮੌਕੇ ਸਾਬਕਾ ਮੇਅਰ ਅਸ਼ੋਕ ਕੁਮਾਰ, ਸਾਬਕਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਬਲਾਕ ਪ੍ਰਧਾਨ ਮਾਧਵ ਸ਼ਰਮਾ, ਜਗਰਾਜ ਸਿੰਘ, ਨਰੇਸ਼ ਗਰਗ, ਸੰਦੀਪ ਬੌਬੀ, ਹਰਵਿੰਦਰ ਸਿੰਘ ਲੱਡੂ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਹਰੀ ਓਮ ਕਪੂਰ, ਗੁਰਵਿੰਦਰ ਚਹਿਲ, ਦੁਪਿੰਦਰ ਮਿਸ਼ਰਾ, ਰਮਨਦੀਪ ਸਿੰਘ ਢਿੱਲੋਂ, ਨਰਿੰਦਰ ਸਿੰਘ ਗਾਂਧੀ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
Advertisement
Advertisement
×

