Bathinda Election Violence: ਭਾਜਪਾ ਆਗੂ ਸਰੂਪ ਚੰਦ ਸਿੰਗਲਾ ਸਣੇ ਅੱਧੀ ਦਰਜਨ ਜ਼ਖਮੀ
ਦੋ ਧਿਰਾਂ ਦਰਮਿਆਨ ਇੱਟਾਂ- ਰੋੜੇ ਚੱਲੇ
ਨਗਰ ਨਿਗਮ ਬਠਿੰਡਾ ਦੀਆਂ ਵੋਟਾਂ ਪੈਣ ਦਾ ਅਮਲ ਸਮਾਪਤ ਹੋਣ ਮਗਰੋਂ ਸ਼ਹਿਰ ਦੇ ਵਾਰਡ ਨੰਬਰ 2 ਵਿੱਚ ਮਾਹੌਲ ਤਣਾਅਪੂਰਨ ਬਣ ਗਿਆ। ਇਸ ਦੌਰਾਨ ਆਪ ਤੇ ਬੀਜੇਪੀ ਵਰਕਰਾਂ ਦੀ ਆਪਸੀ ਝੜਪ ਹੋ ਗਈ ਜਿਸ ਵਿਚ ਇੱਟਾਂ ਰੋੜੇ ਚੱਲਣ ਕਾਰਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਉਨ੍ਹਾਂ ਦੇ ਪੁੱਤਰ ਸਮੇਤ ਅਤੇ ਅੱਧੀ ਦਰਜਨ ਸਮਰਥਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਸ੍ਰੀ ਸਿੰਗਲਾ ਨੇ ਕਿਹਾ ਕਿ ਵੋਟਿੰਗ ਖਤਮ ਹੋਣ ਤੋਂ ਬਾਅਦ ਉਹ ਆਪਣੇ ਸਮਰਥਕਾਂ ਨੂੰ ਮਿਲਣ ਲਈ ਵਾਰਡ ਵਿੱਚ ਗਏ ਹੋਏ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਨਾਲ ਸਬੰਧਤ ਉਮੀਦਵਾਰ ਅਤੇ ਉਸਦੇ ਸਾਥੀਆਂ ਨੇ ਉਨ੍ਹਾਂ ਦਾ ਰਾਹ ਰੋਕ ਕੇ ਝਗੜਾ ਕੀਤਾ। ਧੱਕਾਮੁੱਕੀ ਤੇ ਇੱਟਾਂ ਰੋੜਿਆਂ ਕਾਰਨ ਅੱਧੀ ਦਰਜਨ ਦੇ ਕਰੀਬ ਦੋਨਾਂ ਧਿਰਾਂ ਦੇ ਸਮਰਥਕ ਜ਼ਖਮੀ ਹੋ ਗਏ।
ਇਸ ਦੌਰਾਨ ਸਾਬਕਾ ਵਿਧਾਇਕ ਦਾ ਸੁਰੱਖਿਆ ਕਰਮਚਾਰੀ ਵੀ ਜ਼ਖ਼ਮੀ ਹੋ ਗਿਆ। ਇਸ ਦੌਰਾਨ ਦੋਨਾਂ ਧਿਰਾਂ ਦੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਰੋਕਣ ਲਈ ਸਾਬਕਾ ਵਿਧਾਇਕ ਦੇ ਗੰਨਮੈਨ ਨੇ ਬਚਾਅ ਲਈ ਹਵਾਈ ਫਾਇਰ ਵੀ ਕੀਤੇ। ਇਸ ਘਟਨਾ ਮੌਕੇ ਐੱਸ. ਐੱਸ ਪੀ ਜਯੋਤੀ ਯਾਦਵ ਅਤੇ ਡੀਆਈਜੀ ਹਰਜੀਤ ਸਿੰਘ ਵੱਡੀ ਗਿਣਤੀ ਪੁਲੀਸ ਫੋਰਸ ਲੈ ਕੇ ਪੁੱਜੇ।
ਸਿੰਗਲਾ ਨੇ ਕਿਹਾ ਕਿ ਹਮਲਾਵਰਾਂ ’ਤੇ ਪਰਚਾ ਦਰਜ ਹੋਵੇ। ਉਨ੍ਹਾਂ ਸੱਤਾਧਾਰੀ ਪਾਰਟੀ ਵੱਲੋਂ ਦਬਾਅ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਏ ।

