Bathinda Civic Polls: ਨਗਰ ਨਿਗਮ ਬਠਿੰਡਾ ਸਣੇ 6 ਨਗਰ ਕੌਂਸਲਾਂ ਅਤੇ 8 ਨਗਰ ਪੰਚਾਇਤਾਂ ਲਈ 1118 ਨਾਮਜ਼ਦਗੀਆਂ
ਨਗਰ ਕੌਂਸਲ ਚੋਣਾਂ: ਜੈਤੋ ਦੇ 17 ਵਾਰਡਾਂ ਲਈ 73 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ
ਨਗਰ ਨਿਗਮ ਬਠਿੰਡਾ ਜ਼ਿਲ੍ਹੇ ਵਿਚਲੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਕਰਵਾਉਣ ਲਈ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅੱਜ ਆਖ਼ਰੀ ਦਿਨ ਸੀ।
ਜ਼ਿਲ੍ਹਾ ਚੋਣ ਅਫ਼ਸਰ ਬਠਿੰਡਾ ਰਾਜੇਸ਼ ਧੀਮਾਨ ਦੇ ਦੱਸਣ ਮੁਤਾਬਿਕ ਨਗਰ ਨਿਗਮ ਬਠਿੰਡਾ ਦੇ 50 ਵਾਰਡਾਂ ਲਈ 282 ਨਾਮਜ਼ਦਗੀਆਂ ਭਰੀਆਂ ਗਈਆਂ। ਇਸੇ ਤਰ੍ਹਾਂ ਨਗਰ ਕੌਂਸਲ ਭੁੱਚੋ ਮੰਡੀ ਦੇ 13 ਵਾਰਡਾਂ ਲਈ 70, ਗੋਨਿਆਣਾ ਦੇ 13 ਵਾਰਡਾਂ ਲਈ 61, ਕੋਟਫੱਤਾ ਦੇ 11 ਵਾਰਡਾਂ ਲਈ 36, ਮੌੜ ਮੰਡੀ ਦੇ 17 ਵਾਰਡਾਂ ਲਈ 97, ਰਾਮਾਂ ਮੰਡੀ ਦੇ 15 ਵਾਰਡਾਂ ਲਈ 62, ਸੰਗਤ ਮੰਡੀ ਦੇ 9 ਵਾਰਡਾਂ ਲਈ 29 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸੇ ਤਰ੍ਹਾਂ ਨਗਰ ਪੰਚਾਇਤ ਮਹਿਰਾਜ ਦੇ 13 ਵਾਰਡਾਂ ਲਈ 83, ਮਲੂਕਾ ਦੇ 11 ਵਾਰਡਾਂ ਲਈ 54, ਭਗਤਾ ਭਾਈਕਾ ਦੇ 13 ਵਾਰਡਾਂ ਲਈ 80, ਕੋਟਸ਼ਮੀਰ ਦੇ 13 ਵਾਰਡਾਂ ਲਈ 43, ਨਥਾਣਾ ਦੇ 11 ਵਾਰਡਾਂ ਲਈ 45, ਲਹਿਰਾ ਮੁਹੱਬਤ ਦੇ 11 ਵਾਰਡਾਂ ਲਈ 45, ਭਾਈਰੂਪਾ ਦੇ 13 ਵਾਰਡਾਂ ਲਈ 77 ਅਤੇ ਕੋਠਾ ਗੁਰੂ ਦੇ 11 ਵਾਰਡਾਂ ਲਈ 54 ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ।
ਦਾਖ਼ਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19 ਮਈ ਦੁਪਹਿਰ 3 ਵਜੇ ਤੱਕ ਹੈ। ਚੋਣਾਂ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਈਆਂ ਜਾਣਗੀਆਂ। ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ 29 ਮਈ ਨੂੰ ਸਥਾਪਿਤ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ।
ਨਗਰ ਕੌਂਸਲ ਜੈਤੋ ਦੇ ਕੌਂਸਲਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਆਖ਼ਰੀ ਦਿਨ ਜੈਤੋ ਸ਼ਹਿਰ ਦੇ 17 ਵਾਰਡਾਂ ਲਈ ਕੁੱਲ 73 ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ ਕਰਵਾਏ ਗਏ।
ਇਹ ਵੀ ਪਤਾ ਲੱਗਾ ਹੈ ਕਿ ਕੋਟਕਪੂਰਾ ਸ਼ਹਿਰ ਦੇ ਕੁੱਲ 29 ਵਾਰਡਾਂ ਦੇ ਕੌਂਸਲਰਾਂ ਦੀ ਚੋਣ ਲਈ 128 ਉਮੀਦਵਾਰਾਂ ਨੇ ਪੱਤਰ ਜਮ੍ਹਾ ਕਰਵਾਏ ਅਤੇ ਫ਼ਰੀਦਕੋਟ ਸ਼ਹਿਰ ਦੇ 25 ਵਾਰਡਾਂ ਲਈ 144 ਉਮੀਦਵਾਰਾਂ ਵੱਲੋਂ ਪਰਚੇ ਦਾਖ਼ਲ ਕੀਤੇ ਗਏ।
ਇੰਜ ਫ਼ਰੀਦਕੋਟ ਜ਼ਿਲ੍ਹੇ ਅੰਦਰ ਕੁੱਲ ਮਿਲਾ ਕੇ 345 ਵਿਅਕਤੀਆਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਹਨ।

