Bathinda Blast Case: ਪੈਟਰੋਲ ਬੰਬ ਸੁੱਟਣ ਵਾਲੇ 2 ਗ੍ਰਿਫ਼ਤਾਰ; ਭੱਜਣ ਦੀ ਕੋਸ਼ਿਸ਼ ਦੌਰਾਨ ਟੁੱਟੀਆਂ ਲੱਤਾਂ-ਬਾਹਾਂ
ਮੇਲਾ ਰਾਮ ਰੋਡ ਸਥਿਤ ਡਾਕਟਰ ਤਰਸੇਮ ਗਰਗ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੇ ਮਾਮਲੇ ਨੂੰ ਬਠਿੰਡਾ ਪੁਲੀਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਇਸ ਸਬੰਧੀ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਹੋਰ...
ਮੇਲਾ ਰਾਮ ਰੋਡ ਸਥਿਤ ਡਾਕਟਰ ਤਰਸੇਮ ਗਰਗ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੇ ਮਾਮਲੇ ਨੂੰ ਬਠਿੰਡਾ ਪੁਲੀਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਇਸ ਸਬੰਧੀ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਹੋਰ ਮੁਲਜ਼ਮ ਅਜੇ ਵੀ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਡੀਆਈਜੀ ਹਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਆਟੋ ਰਿਕਸ਼ਾ ਰਾਹੀਂ ਘਟਨਾ ਵਾਲੀ ਥਾਂ 'ਤੇ ਪਹੁੰਚੇ ਸਨ। ਉਨ੍ਹਾਂ ਨੇ ਪਹਿਲਾਂ ਦਿਨ ਦੌਰਾਨ ਇਲਾਕੇ ਦੀ ਰੇਕੀ ਕੀਤੀ ਅਤੇ ਦੇਰ ਰਾਤ ਕਲੀਨਿਕ 'ਤੇ ਪੈਟਰੋਲ ਬੰਬ ਸੁੱਟ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਉਹ ਰੇਲ ਗੱਡੀ ਰਾਹੀਂ ਅਬੋਹਰ ਚਲੇ ਗਏ ਸਨ।
ਪੁਲੀਸ ਨੇ ਵੱਖ-ਵੱਖ ਪੱਖਾਂ ਤੋਂ ਜਾਂਚ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਅਬੋਹਰ ਤੋਂ ਗ੍ਰਿਫ਼ਤਾਰ ਕਰ ਲਿਆ। ਡੀਆਈਜੀ ਅਨੁਸਾਰ, ਜਦੋਂ ਪੁਲੀਸ ਉਨ੍ਹਾਂ ਨੂੰ ਬਠਿੰਡਾ ਲੈ ਕੇ ਆ ਰਹੀ ਸੀ ਤਾਂ ਉਨ੍ਹਾਂ ਨੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵੇਂ ਜ਼ਖ਼ਮੀ ਹੋ ਗਏ। ਇੱਕ ਮੁਲਜ਼ਮ ਦੀ ਲੱਤ ਅਤੇ ਦੂਜੇ ਦੀ ਬਾਂਹ ਟੁੱਟ ਗਈ, ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਹਮਲੇ ਦਾ ਕਾਰਨ ਅਤੇ ਫਰਾਰ ਮਾਸਟਰਮਾਈਂਡ
ਪੁਲੀਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮਾਮਲੇ ਦਾ ਕਥਿਤ ਮਾਸਟਰਮਾਈਂਡ ਸੰਦੀਪ ਵਾਸੀ ਅਬੋਹਰ ਦੱਸਿਆ ਜਾ ਰਿਹਾ ਹੈ, ਜੋ ਇਸ ਵੇਲੇ ਫਰਾਰ ਹੈ। ਪੁਲੀਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਸੀ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲੀਸ ਨੂੰ ਹੋਰ ਅਹਿਮ ਖੁਲਾਸਿਆਂ ਦੀ ਉਮੀਦ ਹੈ।
ਬਠਿੰਡਾ ’ਚ ਪੈਟਰੋਲ ਬੰਬ ਕਾਂਡ ਮਾਮਲੇ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਡੀਆਈਜੀ ਹਰਜੀਤ ਸਿੰਘ ਤੇ ਐੱਸਐੱਸਪੀ ਮੈਡਮ ਜਯੋਤੀ ਯਾਦਵ ਬੈਂਸ। ਫੋਟੋ; ਪਵਨ ਸ਼ਰਮਾ
