ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 24 ਫਰਵਰੀ
ਅੱਜ ਇਥੋਂ ਨਜ਼ਦੀਕ ਪਿੰਡ ਫੁੱਲੋ ਖਾਰੀ ‘ਚ ਗੁਰੂ ਗੋਬਿੰਦ ਤੇਲ ਸੋਧਕ ਕਾਰਖਾਨੇ ਵਿਚ ਅੱਗ ਲੱਗ ਗਈ, ਜਿਸ ਕਾਰਨ ਵੱਡੇ ਨੁਕਸਾਨ ਹੋਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ ਕਾਰਖਾਨੇ ਦੇ ਬਾਹਰ ਮੌਜੂਦ ਲੋਕਾਂ ਅਨੁਸਾਰ ਅੱਗ ਲੱਗਣ ਦੀ ਇਹ ਘਟਨਾ ਤੜਕੇ ਤਿੰਨ ਵਜੇ ਦੇ ਕਰੀਬ ਕਾਰਖਾਨੇ ‘ਚ ਸੱਜੇ ਪਾਸੇ ਨਵੇਂ ਬਣੇ ਯੂਨਿਟ ਪੈਟਰੋਕੈਮੀਕਲ ਦੇ ਡੀਐੱਫਸੀਯੂ ‘ਚ ਵਾਪਰੀ ਹੈ। ਪ੍ਰਬੰਧਕਾਂ ਨੇ ਅੱਗ ਕਾਬੂ ਤੋਂ ਬਾਹਰ ਹੁੰਦੀ ਵੇਖ ਮਜ਼ੂਦਰਾਂ ਨੂੰ ਕਾਰਖਾਨੇ ‘ਚੋਂ ਕੱਢਣ ਲਈ ਖਤਰੇ ਦਾ ਘੁੱਗੂ ਵਜਾਇਆ ਪਰ ਵੇਖਦੇ ਹੀ ਵੇਖਦੇ ਅੱਗ ਹੋਰ ਗੰਭੀਰ ਸਥਿਤੀ ਧਾਰਨ ਕਰ ਗਈ। ਦਿਨ ਚੜਦੇ ਤੱਕ ਅਸਮਾਨ ਵਿਚ ਧੂੰਏਂ ਦੇ ਬੱਦਲ ਛਾ ਗਏ। ਭਾਵੇਂ ਕਾਰਖਾਨੇ ‘ਚ ਲੱਗੀ ਅੱਗ ਬਾਹਰ ਵਿਖਾਈ ਨਹੀਂ ਦੇ ਰਹੀ ਸੀ ਪਰ ਇਸ ਦਾ ਧੂੰਆਂ ਕਈ ਕਿਲੋਮੀਟਰ ਤੱਕ ਫੈਲ ਚੁੱਕਿਆ ਸੀ ਤੇ ਚਾਰੇ ਪਾਸੇ ਹਨੇਰਾ ਛਾ ਗਿਆ। ਦੁਪਿਹਰ ਤੱਕ ਕਾਰਖਾਨੇ ‘ਚੋਂ ਧੂੰਆਂ ਨਿਕਲਦਾ ਰਿਹਾ। ਕਾਰਖਾਨੇ ਦੇ ਅਧਿਕਾਰੀਆਂ ਨੇ ਵੱਡੀ ਜੱਦੋ-ਜਹਿਦ ਨਾਲ ਆਪਣੇ ਤੌਰ ‘ਤੇ ਕਰੀਬ 9 ਘੰਟਿਆਂ ਮਗਰੋਂ ਅੱਗ ‘ਤੇ ਕਾਬੂ ਪਾਇਆ। ਘਟਨਾ ਦੌਰਾਨ ਕਾਰਖਾਨੇ ਦੇ ਬਾਹਰ ਖੜੇ ਲੋਕਾਂ ਨੇ ਸਾਹ ਲੈਣ ‘ਚ ਤਕਲੀਫ ਅਤੇ ਅੱਖਾਂ ਵਿਚ ਜਲਣ ਦੀ ਸ਼ਿਕਾਇਤ ਕੀਤੀ। ਸੂਤਰਾਂ ਅਨੁਸਾਰ ਜਿਸ ਥਾਂ ‘ਤੇ ਇਹ ਅੱਗ ਲੱਗੀ ਹੈ, ਉਸ ਦੇ ਨੇੜੇ ਹੀ ਲੱਖਾਂ ਲਿਟਰ ਤੇਲ ਭੰਡਾਰਨ ਦੇ ਸਮਰਥਾ ਵਾਲੇ ਵੱਡੇ ਚਾਰ ਟੈਂਕ ਮੌਜੂਦ ਹਨ, ਜੇ ਅੱਗ ਦਾ ਵਹਾਅ ਉਨ੍ਹਾਂ ਵੱਲ ਹੋ ਜਾਂਦਾ ਤਾਂ ਕਿਸੇ ਵੱਡੀ ਅਣਹੋਣੀ ਨੂੰ ਨਹੀਂ ਰੋਕਿਆ ਜਾ ਸਕਦਾ ਸੀ। ਘਟਨਾ ਵਾਲੀ ਥਾਂ ‘ਤੇ ਰਿਫਾਇਨਰੀ ਚੌਕੀ ਇੰਚਾਰਜ ਤੋਂ ਬਿਨਾ ਕੋਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਇਸ ਗੱਲ ਦੀ ਉਥੇ ਮੌਜੂਦ ਲੋਕਾਂ ‘ਚ ਖਾਸੀ ਨਰਾਜ਼ਗੀ ਵੇਖੀ ਗਈ।