Bathinda: ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਸ਼ੱਕ !
ਪਰਿਵਾਰ ਨੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਦੇਣ ਤੋਂ ਕੀਤਾ ਇਨਕਾਰ
ਬਠਿੰਡਾ ਦੇ ਪਿੰਡ ਜਗਾ ਰਾਮ ਤੀਰਥ ਵਿਖੇ ਸ਼ੁੱਕਰਵਾਰ ਨੂੰ 28 ਸਾਲਾ ਨੌਜਵਾਨ ਦੀ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਸ਼ੱਕ ਹੈ। ਇਹ ਪਿੰਡ ਆਮ ਆਦਮੀ ਪਾਰਟੀ (AAP) ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਦਾ ਜੱਦੀ ਪਿੰਡ ਹੈ।
ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ, ਜਿਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਸ਼ਾਮਲ ਹਨ।
ਸੰਦੀਪ ਦੇ ਚਚੇਰੇ ਭਰਾ ਬਿੱਕਰ ਸਿੰਘ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਨਸ਼ਾ ਛੁਡਾਉਣ ਲਈ ਇੱਕ ਨਸ਼ਾ ਮੁਕਤੀ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ।ਹਾਲਾਂਕਿ, ਉਸ ਨੇ ਦਾਅਵਾ ਕੀਤਾ ਕਿ ਨਸ਼ਾ ਤਸਕਰਾਂ ਨੇ ਉਸ ਦੇ ਘਰ ਤੱਕ ਨਸ਼ੀਲੇ ਪਦਾਰਥ ਪਹੁੰਚਾਉਣਾ ਜਾਰੀ ਰੱਖਿਆ, ਜਿਸ ਕਾਰਨ ਉਹ ਮੁੜ ਨਸ਼ੇ ਦੀ ਲਤ ਵਿੱਚ ਪੈ ਗਿਆ।
ਪਰਿਵਾਰ ਨੇ ਨਸ਼ਾ ਤਸਕਰੀ ਨੂੰ ਨੱਥ ਪਾਉਣ ਦੇ ਸੂਬਾ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਉਠਾਉਂਦੇ ਹੋਏ ਦੋਸ਼ ਲਾਇਆ ਕਿ ਵਿਧਾਇਕਾ ਦੇ ਜੱਦੀ ਪਿੰਡ ਵਿੱਚ ਵੀ ਨਸ਼ੇ ਦਾ ਗੈਰ-ਕਾਨੂੰਨੀ ਧੰਦਾ ਜਾਰੀ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿੰਡ ਵਾਸੀਆਂ ਵੱਲੋਂ ਕਥਿਤ ਨਸ਼ਾ ਤਸਕਰਾਂ ਬਾਰੇ ਪੁਲੀਸ ਨੂੰ ਸੂਚਨਾ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਬਿੱਕਰ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਨਸ਼ਾ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਪਿੰਡ ਵਾਸੀਆਂ ਨੂੰ ਕਥਿਤ ਤਸਕਰਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਹਾਲਾਂਕਿ, ਦੁਖੀ ਪਰਿਵਾਰ ਨੇ ਇਹ ਕਹਿ ਕੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ।
ਬਿੱਕਰ ਨੇ ਦੋਸ਼ ਲਾਇਆ, "ਇਨ੍ਹਾਂ ਲੋਕਾਂ ਨੂੰ ਆਸਾਨੀ ਨਾਲ ਜ਼ਮਾਨਤ ਮਿਲ ਜਾਂਦੀ ਹੈ। ਅਸੀਂ ਪੁਲੀਸ ਵਿੱਚ ਮਾਮਲੇ ਦੀ ਰਿਪੋਰਟ ਨਹੀਂ ਕੀਤੀ ਹੈ। ਉਹ ਕਈ ਚੋਰੀ ਦੀਆਂ ਘਟਨਾਵਾਂ ਵਿੱਚ ਵੀ ਸ਼ਾਮਲ ਹਨ।"

