DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬ ’ਚ ਬਾਸਮਤੀ ਦੀ ਕਾਸ਼ਤ ਨੂੰ ਝਟਕਾ

ਪੰਜਾਬ ’ਚ ਐਤਕੀਂ ਬਾਸਮਤੀ ਦੀ ਕਾਸ਼ਤ ਨੂੰ ਝਟਕਾ ਲੱਗਿਆ ਹੈ। ਇਸ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ ਜਿਨ੍ਹਾਂ ’ਚ ਮੌਨਸੂਨ ਦੀ ਮੱਠੀ ਆਮਦ, ਖਾਦਾਂ ਦੀ ਸੀਮਤ ਸਪਲਾਈ ਅਤੇ ਪੱਛਮੀ ਏਸ਼ੀਆ ’ਚ ਚੱਲ ਰਹੀ ਜੰਗ ਸ਼ਾਮਲ ਹੈ। ਸੂਬੇ ’ਚ ਹੁਣ...

  • fb
  • twitter
  • whatsapp
  • whatsapp
Advertisement

ਪੰਜਾਬ ’ਚ ਐਤਕੀਂ ਬਾਸਮਤੀ ਦੀ ਕਾਸ਼ਤ ਨੂੰ ਝਟਕਾ ਲੱਗਿਆ ਹੈ। ਇਸ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ ਜਿਨ੍ਹਾਂ ’ਚ ਮੌਨਸੂਨ ਦੀ ਮੱਠੀ ਆਮਦ, ਖਾਦਾਂ ਦੀ ਸੀਮਤ ਸਪਲਾਈ ਅਤੇ ਪੱਛਮੀ ਏਸ਼ੀਆ ’ਚ ਚੱਲ ਰਹੀ ਜੰਗ ਸ਼ਾਮਲ ਹੈ। ਸੂਬੇ ’ਚ ਹੁਣ ਤੱਕ 4.70 ਲੱਖ ਹੈਕਟੇਅਰ ਰਕਬੇ ’ਚ ਬਾਸਮਤੀ ਦੀ ਲਵਾਈ ਹੋਈ ਹੈ ਜੋ ਪਿਛਲੇ ਸਾਲ 6.70 ਲੱਖ ਹੈਕਟੇਅਰ ਸੀ। ਆਮ ਤੌਰ ’ਤੇ 15 ਜੁਲਾਈ ਤੱਕ ਬਾਸਮਤੀ ਦੀ ਲਵਾਈ ਮੁਕੰਮਲ ਹੋ ਜਾਂਦੀ ਹੈ।

ਪੰਜਾਬ ’ਚ ਇਸ ਸਮੇਂ ਤੱਕ ਝੋਨੇ ਹੇਠਲਾ ਸਮੁੱਚਾ ਰਕਬਾ (ਬਾਸਮਤੀ ਤੇ ਗ਼ੈਰ-ਬਾਸਮਤੀ) 30.58 ਲੱਖ ਹੈਕਟੇਅਰ ਹੈ ਜਦੋਂਕਿ ਪਿਛਲੇ ਸਾਲ ਇਸ ਸਮੇਂ ਤੱਕ ਇਹੋ ਰਕਬਾ 32.43 ਲੱਖ ਹੈਕਟੇਅਰ ਸੀ। ਪੰਜਾਬ ਤੇ ਹਰਿਆਣਾ ’ਚੋਂ ਬਾਸਮਤੀ ਮੁੱਖ ਤੌਰ ’ਤੇ ਪੱਛਮੀ ਏਸ਼ੀਆ (ਖ਼ਾਸ ਕਰ ਕੇ ਯੂ ਏ ਈ ਅਤੇ ਇਰਾਨ) ਦੇ ਨਾਲ-ਨਾਲ ਯੂਰੋਪੀ ਦੇਸ਼ਾਂ ਅਤੇ ਅਮਰੀਕਾ ਨੂੰ ਬਰਾਮਦ ਕੀਤੀ ਜਾਂਦੀ ਹੈ। ਇਕੱਲੇ ਪੰਜਾਬ ਦਾ ਬਰਾਮਦ ਹੋਣ ਵਾਲਾ ਹਿੱਸਾ ਕਰੀਬ 30 ਤੋਂ 33 ਫ਼ੀਸਦੀ ਬਣਦਾ ਹੈ। ਆਮ ਝੋਨਾ ਤਾਂ ਸਰਕਾਰੀ ਭਾਅ ’ਤੇ ਖ਼ਰੀਦਿਆ ਜਾਂਦਾ ਹੈ ਜਦੋਂਕਿ ਬਾਸਮਤੀ ਦਾ ਕੋਈ ਘੱਟੋ-ਘੱਟ ਸਮਰਥਨ ਮੁੱਲ ਤੈਅ ਨਹੀਂ ਹੈ।

Advertisement

ਆਮ ਝੋਨੇ ਦੀ ਕਾਸ਼ਤ 25.88 ਲੱਖ ਹੈਕਟੇਅਰ ਰਕਬੇ ਵਿੱਚ ਹੋਈ ਹੈ। ਝੋਨੇ ਦੀ ਸਿੱਧੀ ਬਿਜਾਈ ਹੇਠਲੇ ਰਕਬੇ ’ਚ ਐਤਕੀਂ ਵਾਧਾ ਹੋਇਆ ਹੈ। ਸਿੱਧੀ ਬਿਜਾਈ ਨਾਲ ਕਰੀਬ ਚਾਰ ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਹੋਈ ਹੈ ਜੋ ਪਿਛਲੇ ਸਾਲ ਨਾਲੋਂ ਕਰੀਬ 36 ਫ਼ੀਸਦੀ ਵੱਧ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਆਖਦੇ ਹਨ ਕਿ ਆਮ ਤੌਰ ’ਤੇ ਬਾਸਮਤੀ ਦੀ ਲਵਾਈ 15 ਜੁਲਾਈ ਤੱਕ ਮੁਕੰਮਲ ਕਰ ਲਈ ਜਾਂਦੀ ਹੈ ਪਰ ਇਸ ਵਾਰ ਲਵਾਈ ਥੋੜ੍ਹੀ ਪਛੜੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ 30 ਜੁਲਾਈ ਤੱਕ ਬਾਸਮਤੀ ਹੇਠਲਾ ਰਕਬਾ ਪਿਛਲੇ ਸਾਲ ਦੇ ਬਰਾਬਰ ਹੋ ਜਾਵੇਗਾ।

Advertisement

ਖਾਦ ਸੰਕਟ ਵੀ ਅੜਿੱਕਾ ਬਣਿਆ

ਐਤਕੀਂ ਖਾਦਾਂ ਦੀ ਸੀਮਤ ਸਪਲਾਈ ਵੀ ਝੋਨੇ ਦੀ ਕਾਸ਼ਤ ਦੇ ਰਾਹ ’ਚ ਅੜਿੱਕਾ ਬਣੀ ਹੈ। ਪੂਰੇ ਖ਼ਰੀਫ਼ ਸੀਜ਼ਨ ਲਈ ਪੰਜਾਬ ਨੂੰ 15.50 ਲੱਖ ਕੁਇੰਟਲ ਖਾਦ ਦੀ ਲੋੜ ਹੈ ਜਦੋਂਕਿ ਕੇਂਦਰ ਵੱਲੋਂ ਇਸ ਸਾਲ ਪੰਜਾਬ ਨੂੰ 13.90 ਲੱਖ ਕੁਇੰਟਲ ਖਾਦ ਅਲਾਟ ਕੀਤੀ ਗਈ ਹੈ। ਇਸ ਦਾ ਕਾਰਨ ਕੇਂਦਰ ਪੱਛਮੀ ਏਸ਼ੀਆ ਵਿੱਚ ਟਕਰਾਅ ਵਜੋਂ ਢੋਆ-ਢੁਆਈ ’ਚ ਆਈ ਰੁਕਾਵਟ ਨੂੰ ਦੱਸ ਰਿਹਾ ਹੈ। ਪੰਜਾਬ ਨੂੰ ਜੁਲਾਈ ਮਹੀਨੇ ਤੱਕ ਸਿਰਫ਼ 10.46 ਲੱਖ ਕੁਇੰਟਲ ਖਾਦ ਹੀ ਪ੍ਰਾਪਤ ਹੋਈ ਹੈ। ਵੇਰਵਿਆਂ ਅਨੁਸਾਰ ਅਪਰੈਲ ਵਿੱਚ ਸੂਬੇ ਨੂੰ 4 ਲੱਖ ਕੁਇੰਟਲ ਦੀ ਅਲਾਟਮੈਂਟ ਮੁਕਾਬਲੇ ਪੰਜਾਬ ਨੂੰ 2.4 ਲੱਖ ਕੁਇੰਟਲ ਖਾਦ ਪ੍ਰਾਪਤ ਹੋਈ ਹੈ ਜਦੋਂਕਿ ਮਈ ਵਿੱਚ 4 ਲੱਖ ਕੁਇੰਟਲ ਦੇ ਮੁਕਾਬਲੇ 3.50 ਲੱਖ ਕੁਇੰਟਲ ਪ੍ਰਾਪਤ ਹੋਈ। ਹਾਲਾਂਕਿ ਜੂਨ ਵਿੱਚ ਅਲਾਟਮੈਂਟ ਤੇ ਸਪਲਾਈ ਵਿਚਕਾਰ ਇਹ ਅੰਤਰ ਸਿਰਫ਼ 40,000 ਕੁਇੰਟਲ ਸੀ ਪਰ ਜੁਲਾਈ ਵਿੱਚ ਇਹ ਅੰਤਰ ਫਿਰ 1 ਲੱਖ ਕੁਇੰਟਲ ਹੋ ਗਿਆ। ਕਿਸਾਨਾਂ ਨੂੰ ਖਾਦ ਦੀ ਇਸ ਸੀਮਤ ਉਪਲਬਧਤਾ ਕਾਰਨ ਝਾੜ ਘਟਣ ਦਾ ਡਰ ਹੈ।

ਜੰਗ ਕਾਰਨ ਕਿਸਾਨਾਂ ’ਚ ਡਰ: ਖੁੱਡੀਆਂ

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅਮਰੀਕਾ-ਇਰਾਨ ਟਕਰਾਅ ਬਾਸਮਤੀ ਹੇਠਲੇ ਰਕਬੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਆਮ ਤੌਰ ’ਤੇ ਕਿਸਾਨਾਂ ਦੀ ਦਿਲਚਸਪੀ ਬਾਸਮਤੀ ਵੱਲ ਰਹਿੰਦੀ ਹੈ ਪਰ ਪੱਛਮੀ ਏਸ਼ੀਆ ’ਚ ਜੰਗ ਕਾਰਨ ਕਿਸਾਨਾਂ ’ਚ ਡਰ ਹੈ ਕਿ ਇਸ ਵਾਰ ਉਨ੍ਹਾਂ ਨੂੰ ਫ਼ਸਲ ਦਾ ਪੂਰਾ ਭਾਅ ਨਹੀਂ ਮਿਲੇਗਾ। ਸ੍ਰੀ ਖੁੱਡੀਆਂ ਨੇ ਭਰੋਸਾ ਦਿਵਾਇਆ ਕਿ ਉਹ ਕੇਂਦਰ ਨਾਲ ਲਗਾਤਾਰ ਸੰਪਰਕ ਵਿੱਚ ਹਨ। ਪੰਜਾਬ ਨੂੰ ਖਾਦ ਦਾ ਆਪਣਾ ਪੂਰਾ ਅਲਾਟ ਕੀਤਾ ਹਿੱਸਾ ਮਿਲੇਗਾ।

Advertisement
×