Barnala News: ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਲਈ ਫਸਲੀ ਕਰਜ਼ੇ ਦੇਣ ਤੋਂ ਇਨਕਾਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਸੰਘਰਸ਼ ਲਈ ਤਿਆਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਦੀ ਅਗਵਾਈ ਹੇਠ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ। ਜਥੇਬੰਦੀ ਦੇ ਆਗੂ ਮਨਜੀਤ ਰਾਜ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਹਿਕਾਰੀ ਬੈਂਕ ਵੱਲੋਂ ਕਿਸਾਨਾਂ ਫ਼ਸਲੀ ਕਰਜ਼ਾ ਦੇਣ ਤੋਂ ਇਨਕਾਰ ਕੀਤੇ ਜਾਣ ਦੇ ਸਿੱਟੇ ਵਜੋਂ ਕਿਸਾਨਾਂ 'ਚ ਫ਼ੈਲ ਰਹੀ ਬੇਚੈਨੀ ਦਾ ਮਸਲਾ ਵਿਚਾਰਿਆ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ਨੇ ਸਹਿਕਾਰਤਾ ਬੈਕਾਂ ਦੇ ਇਸ ਕਿਸਾਨ ਦੋਖੀ ਰਵੱਈਏ ਦਾ ਸਖ਼ਤ ਨੋਟਿਸ ਲੈਂਦਿਆਂ ਜਿੱਥੇ ਨਿੰਦਾ ਕੀਤੀ ਉੱਥੇ ਕਰਜ਼ਾ ਨਾ ਦੇਣ ਦੀ ਸੂਰਤ ਵਿੱਚ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ।
ਮੀਟਿੰਗ ਮੌਕੇ ਗੁਰਮੇਲ ਸਿੰਘ ਜਵੰਦਾ, ਗੁਰਜੰਟ ਸਿੰਘ ਧੌਲਾ, ਕਰਨੈਲ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਰਾਜਿੰਦਰ ਕੁਮਾਰ, ਗੁਰਚਰਨ ਸਿੰਘ ਮਾਛੀਕੇ, ਗੁਰਦੀਪ ਸਿੰਘ ਤੇ ਰਣਬੀਰ ਸਿੰਘ ਰਾਣਾ ਧਨੌਲਾ ਨੇ ਕਿਹਾ ਕਿ ਪੰਜਾਬ ਸਰਕਾਰ ਸਹਿਕਾਰਤਾ ਬੈਂਕਾਂ ਨੂੰ ਖੇਤੀ ਕਰਜ਼ਾ ਦੇਣ ਲਈ ਫੌਰੀ ਪਾਬੰਦ ਕਰੇ। ਕਿਸਾਨ ਪਹਿਲਾਂ ਹੀ ਲਗਾਤਾਰ ਕੁਦਰਤੀ ਆਫ਼ਤਾ ਦਾ ਸਾਹਮਣਾ ਕਰਦੇ ਨੁਕਸਾਨ ਦੀ ਮਾਰ ਹੇਠ ਹਨ। ਉੱਪਰੋਂ ਇਹ ਬੈਂਕ ਅੱਗੇ ਖੇਤੀ ਲਈ ਕਿਸਾਨਾਂ ਨੂੰ ਹੱਦ ਕਰਜ਼ ਦੇਣ ਤੋਂ ਹੱਥ ਖਿੱਚ ਕੇ ਹੋਰ ਪਰੇਸ਼ਾਨੀ ਪੈਦਾ ਕਰ ਰਹੇ ਹਨ।
ਆਗੂਆਂ ਨੇ ਕਿਹਾ ਕਿ ਅਜੇ ਕੁੱਝ ਦਿਨ ਪਹਿਲਾਂ ਰਜਿਸਟਰਾਰ ਸਹਿਕਾਰਤਾ ਵਿਭਾਗ ਚੰਡੀਗੜ੍ਹ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਕਿਸਾਨਾਂ ਨੂੰ ਅਗਲੀ ਸਾਉਣੀ ਅਤੇ ਹਾੜ੍ਹੀ ਦੀ ਫ਼ਸਲ ਲਈ ਐੱਮ ਸੀ ਐੱਲ ਪਾਸ ਕਰਕੇ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਇਹ ਕਰਜ਼ਾ ਦੇਣ ਲਈ ਪੱਤਰ ਜਾਰੀ ਕੀਤਾ ਹੈ। ਬਾਵਜੂਦ ਇਸ ਦੇ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਹਿਕਾਰਤਾ ਵਿਭਾਗ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਹੋਣ ਕਾਰਨ ਕਿਸਾਨਾਂ ਨਾਲ ਮਾੜਾ ਸਲੂਕ ਹੋਰ ਵੀ ਮੰਦਭਾਗਾ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੱਲ ਨਾ ਕੀਤਾ ਤਾਂ ਜਥੇਬੰਦੀ ਸੰਘਰਸ਼ ਲਈ ਮਜ਼ਬੂਰ ਹੋਵੇਗੀ। ਉਪਰੰਤ 15 ਮਈ ਨੂੰ ਚੰਡੀਗੜ੍ਹ ਰਾਜਪਾਲ ਭਵਨ ਵੱਲ ਕੂਚ ਕਰਨ ਦੀ ਤਿਆਰੀ ਲਈ ਸਥਾਨਕ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਤੇ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ।
ਇਸ ਮੌਕੇ ਜੀਵਨ ਸਿੰਘ ਭਦੌੜ ਬਲਾਕ ਪ੍ਰਧਾਨ ਸ਼ਹਿਣਾ, ਮੰਹਿਦਰ ਸਿੰਘ ਅਸਪਾਲ ਕਲਾਂ, ਹਰਜਿੰਦਰ ਸਿੰਘ ਜਿੰਦਾ, ਜਸਵੀਰ ਸਿੰਘ ਜੱਸਾ, ਕਰਮਜੀਤ ਸਿੰਘ, ਭੋਲਾ ਸਿੰਘ ਮੰਡੇਰ, ਰਾਮ ਸਿੰਘ ਤੇ ਜਰਨੈਲ ਸਿੰਘ ਧੌਲਾ ਆਦਿ ਆਗੂ ਵੀ ਹਾਜ਼ਰ ਸਨ।

