DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Barnala Municipal Polls: ਉਮੀਦਵਾਰ ਉਤਾਰਨ ਵਿੱਚ ਭਾਜਪਾ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਪਛਾੜਿਆ

‘ਆਪ’ ਸਭ ਤੋਂ ਵੱਧ ਉਮੀਦਵਾਰਾਂ ਨਾਲ ਮੋਹਰੀ

  • fb
  • twitter
  • whatsapp
  • whatsapp
featured-img featured-img
‘ਬਰਨਾਲਾ ਨਗਰ ਚੋਣਾਂ: ਉਮੀਦਵਾਰ ਉਤਾਰਨ ਵਿੱਚ ਭਾਜਪਾ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਪਛਾੜਿਆ
Advertisement

ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਬਰਨਾਲਾ ਜ਼ਿਲ੍ਹੇ ਵਿੱਚ ਬਰਨਾਲਾ ਨਗਰ ਨਿਗਮ ਦੇ ਨਾਲ-ਨਾਲ ਭਦੌੜ, ਧਨੌਲਾ ਅਤੇ ਤਪਾ ਨਗਰ ਕੌਂਸਲਾਂ ਲਈ ਹੋ ਰਹੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਉਮੀਦਵਾਰਾਂ ਦੀ ਗਿਣਤੀ ਦੇ ਮਾਮਲੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਉਮੀਦਵਾਰ ਮੈਦਾਨ ਵਿੱਚ ਉਤਾਰ ਕੇ ਆਪਣਾ ਦਬਦਬਾ ਕਾਇਮ ਰੱਖਿਆ ਹੈ, ਜਦੋਂਕਿ ਭਾਜਪਾ ਨੇ ਹੈਰਾਨੀਜਨਕ ਤੌਰ ‘ਤੇ ਕਾਂਗਰਸ ਅਤੇ ਅਕਾਲੀ ਦਲ ਤੋਂ ਵੱਧ ਉਮੀਦਵਾਰ ਖੜ੍ਹੇ ਕਰਕੇ ਸਿਆਸੀ ਚਰਚਾ ਛੇੜ ਦਿੱਤੀ ਹੈ।

ਜ਼ਿਲ੍ਹੇ ਭਰ ਵਿੱਚ ਆਮ ਆਦਮੀ ਪਾਰਟੀ ਦੇ ਕੁੱਲ 89 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਬਰਨਾਲਾ ਨਗਰ ਨਿਗਮ ਦੇ 50 ਵਿੱਚੋਂ ਸਾਰੇ ਵਾਰਡਾਂ ‘ਚ ਆਪ ਨੇ ਉਮੀਦਵਾਰ ਉਤਾਰੇ ਹਨ। ਇਨ੍ਹਾਂ ਵਿੱਚੋਂ ਦੋ ਵਾਰਡਾਂ ਵਿੱਚ ਵਿਰੋਧੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਕਾਰਨ ਆਪ ਦੇ ਉਮੀਦਵਾਰ ਬਿਨਾਂ ਮੁਕਾਬਲੇ ਹੀ ਜੇਤੂ ਬਣ ਚੁੱਕੇ ਹਨ, ਜਦੋਂਕਿ ਬਾਕੀ 48 ਵਾਰਡਾਂ ਵਿੱਚ ਚੋਣ ਹੋਵੇਗੀ। ਇਸ ਤੋਂ ਇਲਾਵਾ ਧਨੌਲਾ ਦੇ ਸਾਰੇ 13 ਵਾਰਡਾਂ, ਤਪਾ ਮੰਡੀ ਦੇ 15 ਵਿੱਚੋਂ 14 ਅਤੇ ਭਦੌੜ ਦੇ 13 ਵਿੱਚੋਂ 12 ਵਾਰਡਾਂ ‘ਚ ਵੀ ਆਪ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

Advertisement

ਦੂਜੇ ਨੰਬਰ ‘ਤੇ ਰਹਿੰਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹੇ ਵਿੱਚੋਂ ਕੁੱਲ 52 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਬਰਨਾਲਾ ਨਗਰ ਨਿਗਮ ਦੇ 27, ਧਨੌਲਾ ਦੇ 12, ਭਦੌੜ ਦੇ 10 ਅਤੇ ਤਪਾ ਮੰਡੀ ਦੇ 3 ਵਾਰਡਾਂ ਤੋਂ ਭਾਜਪਾ ਚੋਣ ਲੜ ਰਹੀ ਹੈ। ਭਾਜਪਾ ਵੱਲੋਂ ਉਮੀਦਵਾਰਾਂ ਦੀ ਇਹ ਗਿਣਤੀ ਕਾਂਗਰਸ ਅਤੇ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਮੰਨੀ ਜਾ ਰਹੀ ਹੈ।

Advertisement

ਕਾਂਗਰਸ ਪਾਰਟੀ ਜ਼ਿਲ੍ਹੇ ਵਿੱਚ 50 ਉਮੀਦਵਾਰਾਂ ਨਾਲ ਤੀਜੇ ਸਥਾਨ ’ਤੇ ਰਹੀ ਹੈ। ਕਾਂਗਰਸ ਨੇ ਬਰਨਾਲਾ ਨਗਰ ਨਿਗਮ ਦੇ 39 ਵਾਰਡਾਂ ’ਚ ਉਮੀਦਵਾਰ ਖੜ੍ਹੇ ਕੀਤੇ ਹਨ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਧਨੌਲਾ, ਜਿੱਥੇ ਹਲਕਾ ਵਿਧਾਇਕ ਕਾਂਗਰਸ ਨਾਲ ਸਬੰਧਤ ਹੈ, ਉੱਥੇ ਪਾਰਟੀ ਆਪਣਾ ਇੱਕ ਵੀ ਅਧਿਕਾਰਤ ਉਮੀਦਵਾਰ ਚੋਣ ਨਿਸ਼ਾਨ ‘ਤੇ ਨਹੀਂ ਉਤਾਰ ਸਕੀ। ਭਦੌੜ ਵਿੱਚ ਕਾਂਗਰਸ ਦੇ 6 ਅਤੇ ਤਪਾ ਮੰਡੀ ਵਿੱਚ ਕੇਵਲ 5 ਉਮੀਦਵਾਰ ਮੈਦਾਨ ਵਿੱਚ ਹਨ। ਹਾਲਾਂਕਿ ਕਾਂਗਰਸ ਦੇ ਕੁਝ ਆਗੂ ਆਜ਼ਾਦ ਤੌਰ ‘ਤੇ ਚੋਣ ਲੜ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਮੁੱਖ ਪਾਰਟੀਆਂ ਵਿੱਚੋਂ ਸਭ ਤੋਂ ਕਮਜ਼ੋਰ ਨਜ਼ਰ ਆ ਰਹੀ ਹੈ। ਪਾਰਟੀ ਦੇ ਕੇਵਲ 47 ਉਮੀਦਵਾਰ ਹੀ ਮੈਦਾਨ ਵਿੱਚ ਹਨ। ਬਰਨਾਲਾ ਨਗਰ ਨਿਗਮ ਦੇ 27, ਧਨੌਲਾ ਦੇ 6, ਭਦੌੜ ਦੇ 9 ਅਤੇ ਤਪਾ ਮੰਡੀ ਦੇ ਸਿਰਫ਼ 5 ਵਾਰਡਾਂ ‘ਚ ਹੀ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰ ਸਕਿਆ ਹੈ। ਤਪਾ ਖੇਤਰ ਵਿੱਚ ਕੁੱਝ ਟਕਸਾਲੀ ਅਕਾਲੀ ਆਗੂਆਂ ਦਰਮਿਆਨ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਵੀ ਇਸ ਕਮਜ਼ੋਰ ਪ੍ਰਦਰਸ਼ਨ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।

ਇਨ੍ਹਾਂ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਭੂਮਿਕਾ ਵੀ ਕਾਫ਼ੀ ਮਹੱਤਵਪੂਰਨ ਬਣਦੀ ਦਿਖ ਰਹੀ ਹੈ। ਨਗਰ ਨਿਗਮ ਅਤੇ ਤਿੰਨਾਂ ਨਗਰ ਕੌਂਸਲਾਂ ਵਿੱਚ ਮਿਲਾ ਕੇ ਕਰੀਬ 100 ਆਜ਼ਾਦ ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਕੁਝ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ‘ਵਾਰਿਸ ਪੰਜਾਬ ਦੇ’ ਨਾਲ ਵੀ ਜੁੜੇ ਹੋਏ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਬਸਪਾ ਦੇ 2 ਉਮੀਦਵਾਰ ਵੀ ਬਰਨਾਲਾ ਨਗਰ ਨਿਗਮ ਤੋਂ ਚੋਣ ਲੜ ਰਹੇ ਹਨ।

ਬਰਨਾਲਾ ਜ਼ਿਲ੍ਹੇ ਦੀਆਂ ਨਗਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਗਿਣਤੀ ਅਤੇ ਸੰਗਠਨਕ ਤਾਕਤ ਦੇ ਆਧਾਰ ’ਤੇ ਆਪਣੀ ਮਜ਼ਬੂਤ ਪਕੜ ਦਿਖਾਈ ਹੈ। ਦੂਜੇ ਪਾਸੇ ਭਾਜਪਾ ਨੇ ਉਮੀਦਵਾਰ ਉਤਾਰਨ ਦੇ ਮਾਮਲੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਆਪਣੀ ਵਧਦੀ ਸਿਆਸੀ ਸਰਗਰਮੀ ਦਾ ਸੰਕੇਤ ਦਿੱਤਾ ਹੈ। ਕਾਂਗਰਸ ਅਤੇ ਅਕਾਲੀ ਦਲ ਅੰਦਰੂਨੀ ਕਲੇਸ਼ ਅਤੇ ਸੰਗਠਨਕ ਕਮਜ਼ੋਰੀ ਨਾਲ ਜੂਝਦੇ ਨਜ਼ਰ ਆ ਰਹੇ ਹਨ, ਜਦਕਿ ਵੱਡੀ ਗਿਣਤੀ ਵਿੱਚ ਮੈਦਾਨ ਵਿੱਚ ਉਤਰੇ ਆਜ਼ਾਦ ਉਮੀਦਵਾਰ ਕਈ ਵਾਰਡਾਂ ਵਿੱਚ ਮੁੱਖ ਪਾਰਟੀਆਂ ਦਾ ਗਣਿਤਕ ਵਿਗਾੜ ਸਕਦੇ ਹਨ।

Advertisement
×