ਸਤਲੁਜ ’ਤੇ ਪਾਬੰਦੀ ਲਾਉਣਾ ਮੋਦੀ ਸਰਕਾਰ ਦੀ ਤਾਨਾਸ਼ਾਹੀ ਕਰਾਰ
ਫਿਲਮ ਹਕੂਮਤੀ ਅਤੇ ਫ਼ਿਰਕੂ ਦਹਿਸ਼ਤਗਰਦੀ ਦਾ ਮੁਕੰਮਲ ਦਸਤਾਵੇਜ਼ ਨਹੀਂ: ਰਜਿੰਦਰ ਭਦੌੜ
ਤਰਕਸ਼ੀਲ਼ ਸੁਸਾਇਟੀ ਪੰਜਾਬ ਨੇ ਦਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਖ਼ਿਲਾਫ਼ ਲੱਗੀ ਪਾਬੰਦੀ ਨੂੰ ਜਿਥੇ ਨਕਾਰਿਆ ਉੱਥੇ ਇਸ ਫ਼ਿਲਮ ਨੂੰ ਤਤਕਾਲੀ ਦੋਹਰੇ ਸੁਰੱਖਿਆ ਬਲਾਂ ਤੇ ਖਾਲਿਸਤਾਨੀ ਦਹਿਸ਼ਤਗਰਦੀ ਦਾ ਅਧੂਰਾ ਦਸਤਾਵੇਜ਼ ਵੀ ਗਰਦਾਨਿਆ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋ, ਜੋਗਿੰਦਰ ਕੁੱਲੇਵਾਲ, ਜਸਵਿੰਦਰ ਫਗਵਾੜਾ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਤਰਕਸ਼ੀਲ਼ ਭਵਨ ਬਰਨਾਲਾ ਤੋਂ ਬਿਆਨ ਰਾਹੀਂ ਮੋਦੀ ਸਰਕਾਰ ਵੱਲੋਂ ‘ਸਤਲੁਜ’ ਫ਼ਿਲਮ ਨੂੰ ਜ਼ੀ-5 ਦੇ ਓ ਟੀ ਟੀ ਪਲੇਟਫਾਰਮ ਤੋਂ ਹਟਾਏ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਸਮੁੱਚੇ ਮੀਡੀਆ ਉਤੇ ਵੱਡਾ ਹਮਲਾ ਕਰਾਰ ਦਿੱਤਾ। ਆਗੂਆਂ ਨੇ ਦੂਜੇ ਪਾਸੇ ਇਹ ਵੀ ਕਿਹਾ ਕਿ ਇਹ ਫਿਲਮ ਅੱਸੀਵਿਆਂ ਦੇ ਕਾਲੇ ਦੌਰ ਵਿਚਲੀ ਹਕੂਮਤੀ ਅਤੇ ਫ਼ਿਰਕੂ ਦਹਿਸ਼ਤਗਰਦੀ ਦਾ ਮੁਕੰਮਲ ਦਸਤਾਵੇਜ਼ ਨਹੀਂ ਹੈ ਕਿਉਂਕਿ ਇਸ ਵਿੱਚ ਫ਼ਿਰਕੂ ਖਾਲਿਸਤਾਨੀ ਦਹਿਸ਼ਤਗਰਦੀ ਦੀਆਂ ਘਟਨਾਵਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।
‘ਆਪ’ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ’ਚ ਲੱਗੀ: ਭੱਠਲ
ਲਹਿਰਾਗਾਗਾ (ਪੱਤਰ ਪ੍ਰੇਰਕ): ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਫ਼ਿਲਮ ‘ਸਤਲੁਜ’ ’ਤੇ ਪਾਬੰਦੀ ਪਿੱਛੇ ਕਾਂਗਰਸ ਦੀ ਸਾਜ਼ਿਸ਼ ਦੇ ਬਿਆਨ ਬਾਰੇ ਆਮ ਆਦਮੀ ਪਾਰਟੀ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਇਹ ਬਿਆਨ ਬਿਲਕੁਲ ਗੁਮਰਾਹਕੁਨ ਅਤੇ ਬੇਬੁਨਿਆਦ ਹੈ। ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਸਿਆਸੀ ਰੰਗ ਦੇ ਕੇ ਲੋਕਾਂ ਦਾ ਧਿਆਨ ਮਹਿੰਗਾਈ, ਬੇਰੁਜ਼ਗਾਰੀ, ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਵਰਗੇ ਅਸਲ ਮੁੱਦਿਆਂ ਤੋਂ ਹਟਾਉਣਾ ਚਾਹੁੰਦੀ ਹੈ। ਬਿਨਾ ਕਿਸੇ ਸਬੂਤ ਕਾਂਗਰਸ ‘ਤੇ ਇਲਜ਼ਾਮ ਲਗਾਉਣਾ ਸਿਆਸੀ ਬੁਖਲਾਹਟ ਹੈ।
