ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਗਸਤ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਅਪਰਾਧਿਕ ਮਾਮਲਿਆਂ ’ਚ ਲੋੜੀਂਦੇ ਬੰਬੀਹਾ ਗਰੁੱਪ ਦੇ ਗੈਂਗਸਟਰ ਰਾਜਵਿੰਦਰ ਹੈਪੀ ਉਰਫ਼ ਹੈਪੀ ਭੁੱਲਰ ਤੇ ਉਸ ਦੇ ਸਾਥੀ ਪਰਮਬੀਰ ਬੌਬੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੈਪੀ ਭੁੱਲਰ ਅਪਰਾਧਿਕ ਪਿਛੋਕੜ ਵਾਲਾ ਮੁਲਜ਼ਮ ਹੈ, ਜੋ ਜਲੰਧਰ ਦੇ ਫਾਈਨਾਂਸਰ ਗੁਰਮੀਤ ਸਿੰਘ ਉਰਫ਼ ਟਿੰਕੂ ਅਤੇ ਜੈਪਾਲ ਗਰੁੱਪ ਦੇ ਮੈਂਬਰ ਇੰਦਰਜੀਤ ਸਿੰਘ ਉਰਫ਼ ਟਿੰਡਾ ਸਮੇਤ ਦੋ ਕਤਲ ਕੇਸਾਂ ਤੋਂ ਇਲਾਵਾ ਫਿਰੋਜ਼ਪੁਰ ਅਤੇ ਚੰਡੀਗੜ੍ਹ ਵਿੱਚ ਦਰਜ ਦੋ ਹੋਰ ਕੇਸਾਂ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਪਰਮਬੀਰ ਬੌਬੀ ਅਸਲਾ ਐਕਟ ਦੇ ਕੇਸ ਵਿੱਚ ਲੋੜੀਂਦਾ ਸੀ। ਇਸ ਸਬੰਧੀ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਮੁਲਜ਼ਮ ਵੱਡੇ ਪੱਧਰ ’ਤੇ ਸਰਹੱਦ ਪਾਰ ਤੋਂ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਸਨ ਅਤੇ ਜੰਮੂ ਤੇ ਕਸ਼ਮੀਰ ਵਿੱਚ ਵੀ ਉਨ੍ਹਾਂ ਦੇ ਸੰਪਰਕ ਹਨ। ਉਨ੍ਹਾਂ ਦੱਸਿਆ ਕਿ ਗੈਰਕਾਨੂੰਨੀ ਗਤੀਵਿਧੀਆਂ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਉਹ ਹਥਿਆਰ ਅਤੇ ਵਾਹਨ ਖਰੀਦਣ ਲਈ ਕਰਦੇ ਸਨ। ਪੁਲੀਸ ਨੇ ਇਨ੍ਹਾਂ ਕੋਲੋਂ ਚਾਰ ਪਿਸਤੌਲ, ਛੇ ਮੈਗਜ਼ੀਨਾਂ, 125 ਕਾਰਤੂਸ, 1.05 ਕਿਲੋਗ੍ਰਾਮ ਹੈਰੋਇਨ, 78.27 ਲੱਖ ਰੁਪਏ ਦੀ ਨਕਦੀ, ਸੱਤ ਸੋਨੇ ਦੀਆਂ ਚੂੜੀਆਂ, 25 ਸੋਨੇ ਦੇ ਸਿੱਕੇ, ਚਾਰ ਸੋਨੇ ਦੀਆਂ ਚੇਨਾਂ, ਸੱਤ ਸੋਨੇ ਦੀਆਂ ਮੁੰਦਰੀਆਂ, ਇਕ ਚਾਂਦੀ ਦੀ ਚੇਨ, ਸਕੌਡਾ, ਹੌਂਡਾ ਸਿਟੀ ਅਤੇ ਬ੍ਰੇਜ਼ਾ ਸਮੇਤ ਤਿੰਨ ਕਾਰਾਂ ਤੋਂ ਇਲਾਵਾ ਤਿੰਨ ਮੋਟਰਸਾਈਕਲ ਤੇ 15 ਮੋਬਾਈਲ ਵੀ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਇਸ ਦੂਜੇ ਵੱਡੇ ਮੌਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ।