ਸ਼ਗਨ ਕਟਾਰੀਆ
ਗ੍ਰਾਮ ਪੰਚਾਇਤ ਬੱਲ੍ਹੋ ਨੇ ਹੁਣ ‘ਕਿਰਤੀ ਦਿਵਸ’ ਨੂੰ ਸਮਰਪਿਤ ਪਿੰਡ ਦੇ ਨਕਸ਼ ਸੰਵਾਰਨ ਵਾਲੇ ਮਿਹਨਤਕਸ਼ਾਂ ਦੇ ਹਿੱਤ ’ਚ ਅਹਿਮ ਫ਼ੈਸਲਾ ਕੀਤਾ ਹੈ। ਸਰਪੰਚ ਅਮਰਜੀਤ ਕੌਰ ਨੇ ਪੰਚਾਇਤ ਦੀ ਮੀਟਿੰਗ ਦੌਰਾਨ ‘ਕਿਰਤੀ ਮਾਣ, ਪਿੰਡ ਦੀ ਸ਼ਾਨ’ ਦੇ ਨਾਮਕਰਨ ਤਹਿਤ ਨਵੀਂ ਸਕੀਮ ਦਾ ਆਗ਼ਾਜ਼ ਕੀਤਾ ਹੈ। ਇਸ ਯੋਜਨਾ ਦਾ ਮੁੱਖ ਮੰਤਵ ਪੰਚਾਇਤੀ ਵਿਕਾਸ ਕਾਰਜਾਂ ’ਚ ਆਪਣਾ ਮੁੜ੍ਹਕਾ ਵਹਾਉਣ ਵਾਲੇ ਮਜ਼ਦੂਰਾਂ ਨੂੰ ਢੁਕਵਾਂ ਮਾਣ-ਸਤਿਕਾਰ ਦੇਣਾ ਹੈ।
ਸਰਪੰਚ ਅਮਰਜੀਤ ਕੌਰ ਅਤੇ ਪੰਚ ਪਰਮਜੀਤ ਕੌਰ ਨੇ ਦੱਸਿਆ ਕਿ ਪੰਚਾਇਤ ਦੇ ਵਿਕਾਸ ਕਾਰਜਾਂ ਵਿੱਚ ਪੂਰੇ ਸਾਲ ਦੌਰਾਨ ਸਭ ਤੋਂ ਵੱਧ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਹਰ ਸਾਲ ‘ਮਜ਼ਦੂਰ ਦਿਵਸ’ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੁਕਾਬਲੇ ਵਿੱਚ ਅੱਵਲ ਸਥਾਨ ਹਾਸਲ ਕਰਨ ਵਾਲੇ ਮਜ਼ਦੂਰ ਨੂੰ 3100 ਰੁਪਏ, ਦੋਇਮ ਸਥਾਨ ਵਾਲੇ ਨੂੰ 2100 ਰੁਪਏ ਅਤੇ ਤੀਜੇ ਮੁਕਾਮ ਵਾਲੇ ਨੂੰ 1100 ਰੁਪਏ ਤੋਂ ਇਲਾਵਾ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਆ ਜਾਵੇਗਾ। ਇਨ੍ਹਾਂ ਮਜ਼ਦੂਰਾਂ ਨੂੰ ਰੋਜ਼ਾਨਾ ਮਿਆਰੀ ਖਾਣਾ ਵੀ ਦਿੱਤਾ ਜਾਵੇਗਾ।
ਪੰਚ ਹਰਬੰਸ ਸਿੰਘ ਬਿੱਟੂ ਨੇ ਨਵੀਂ ਯੋਜਨਾ ਬਾਰੇ ਹੋਰ ਦੱਸਿਆ ਕਿ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਮਜ਼ਦੂਰਾਂ ਦੇ ਨਾਮ ਪਿੰਡ ਦੀ ਸਾਂਝੀ ਜਗ੍ਹਾ ’ਤੇ ਲਿਖੇ ਜਾਣਗੇ। ਸਕੀਮ ਨੂੰ ਪੰਚਾਇਤ ਆਪਣੇ ਪੱਧਰ ’ਤੇ ਪੰਚਾਂ ਵੱਲੋਂ ਦਿੱਤੇ ਜਾਣ ਵਾਲੇ ਦਾਨ ਨਾਲ ਚਲਾਵੇਗੀ। ਪੰਚ ਜਗਸੀਰ ਸਿੰਘ ਤੇ ਰਾਜਵੀਰ ਕੌਰ ਦਾ ਕਹਿਣਾ ਸੀ ਕਿ ਪਿੰਡ ਵਾਸੀਆਂ ਦੀ ਸਹੂਲਤ ਅਤੇ ਸਥਾਨਕ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਵਿੱਚ ਕੰਮ ਕਰਦੇ ਮਿਸਤਰੀਆਂ, ਮਜ਼ਦੂਰਾਂ, ਪਲੰਬਰਾਂ, ਇਲੈਕਟ੍ਰੀਸ਼ਨਾਂ ਟੈਕਸੀ ਡਰਾਈਵਰਾਂ ਆਦਿ ਦੇ ਨਾਂਅ ਅਤੇ ਫੋਨ ਨੰਬਰ ਸਾਂਝੀ ਸੂਚੀ ਦੇ ਰੂਪ ਵਿੱਚ ਪਿੰਡ ਦੀਆਂ ਜਨਤਕ ਥਾਵਾਂ ’ਤੇ ਲਾਉਣ ਤੋਂ ਇਲਾਵਾ ਪੰਚਾਇਤ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੀ ਪਾਏ ਜਾਣਗੇ। ਉਨ੍ਹਾਂ ਤਰਕ ਦਿੱਤਾ ਕਿ ਇੰਜ ਜਿੱਥੇ ਪਿੰਡ ਵਾਸੀਆਂ ਨੂੰ ਕੰਮ ਲਈ ਮਾਹਿਰ ਬੰਦੇ ਲੱਭਣ ਵਿੱਚ ਆਸਾਨੀ ਹੋਵੇਗੀ ਉੱਥੇ ਹੀ ਸਥਾਨਕ ਕਾਮਿਆਂ ਦੇ ਰੁਜ਼ਗਾਰ ਵਿੱਚ ਇਜ਼ਾਫ਼ਾ ਵੀ ਹੋਵੇਗਾ।
ਇਸ ਦੌਰਾਨ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਹਮੇਸ਼ਾ ਨਿਵੇਕਲੇ ਅਤੇ ਲੋਕ ਪੱਖੀ ਕਾਰਜਾਂ ਕਰਕੇ ਚਰਚਾ ’ਚ ਰਹਿਣ ਵਾਲੇ ਬੱਲ੍ਹੋ ਨਿਵਾਸੀਆਂ ’ਤੇ ਹਰ ਇੱਕ ਨੂੰ ਨਾਜ਼ ਹੈ। ਇਸ ਮੌਕੇ ਪੰਚ ਹਾਕਮ ਸਿੰਘ, ਕਰਮਜੀਤ ਸਿੰਘ, ਰਾਮ ਸਿੰਘ, ਰਣਜੀਤ ਕੌਰ, ਹਰਵਿੰਦਰ ਕੌਰ, ਰਾਜਵੀਰ ਕੌਰ, ਕੇਵਲ ਸਿੰਘ ਅਤੇ ਵੀ ਡੀ ਓ ਪਰਮਜੀਤ ਭੁੱਲਰ ਹਾਜ਼ਰ ਸਨ।

