ਮੂਸੇਵਾਲਾ ਦੇ ਮਾਪਿਆਂ ਦੇ ਦੋਸ਼ਾਂ ਮਗਰੋਂ ਬੈਂਸ ਨੇ ਦਿੱਤਾ ਸਪਸ਼ਟੀਕਰਨ
ਪੰਜਾਬੀ ਗਾਇਕ ਦੀ ਕਮਾਈ ਲਈ ਸਾਬਕਾ ਮੈਨੇਜਰ ਅਤੇ ਮਾਪਿਆਂ ਵਿਚਕਾਰ ਵਿਵਾਦ ਵਧਿਆ
ਜੋਗਿੰਦਰ ਸਿੰਘ ਮਾਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਬਣਾਈਆਂ ਕੰਪਨੀਆਂ ਤੋਂ ਕਮਾਈ ਦੀ ਰਕਮ ਲੈਣ ਦੇ ਮਾਮਲੇ ’ਚ ਗੀਤਕਾਰ ਬੰਟੀ ਬੈਂਸ ਨੇ ਸੋਸ਼ਲ ਮੀਡੀਆ ’ਤੇ ਆਪਣਾ ਪੱਖ
ਰੱਖਿਆ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਬੀਤੇ ਦਿਨੀਂ ਐੱਸ ਐੱਸ ਪੀ ਦਫ਼ਤਰ ਮਾਨਸਾ ਦੇ ਬਾਹਰ ਧਰਨਾ ਲਾ ਕੇ ਕੰਪਨੀਆਂ ’ਤੇ ਕਾਰਵਾਈ ਕਰਨ ਲਈ ਦਿੱਤੀ ਦਰਖ਼ਾਸਤ ’ਤੇ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਸੀ। ਇਹ ਪ੍ਰਦਰਸ਼ਨ ਉਸ ਵੇਲੇ ਕੀਤਾ ਗਿਆ ਜਦੋਂ ਇੱਥੇ ਬਠਿੰਡਾ ਰੇਂਜ ਦੇ ਡੀ ਆਈ ਜੀ ਹਰਜੀਤ ਸਿੰਘ ‘ਅਪਰੇਸ਼ਨ ਪ੍ਰਹਾਰ 2:0’ ਤਹਿਤ ਮਾਮਲੇ ਵਿੱਚ ਪ੍ਰੈੱਸ ਕਾਨਫਰੰਸ ਕਰ ਰਹੇ ਸਨ।
ਮੂਸੇਵਾਲਾ ਦੇ ਮਾਪਿਆਂ ਨੇ ਦੋਸ਼ ਲਾਇਆ ਸੀ ਕਿ ਕੰਪਨੀਆਂ ਵੱਲ ਸਿੱਧੂ ਮੂਸੇਵਾਲਾ ਦੀ ਕਮਾਈ ਦੇ ਕਰੀਬ 36 ਕਰੋੜ ਰੁਪਏ ਖੜ੍ਹੇ ਹਨ, ਜਿਨ੍ਹਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੁੱਖ ਤੌਰ ’ਤੇ ਇਨ੍ਹਾਂ ਕੰਪਨੀਆਂ ਦੇ ਸੰਚਾਲਨ ਕਰਨ ਵਾਲੇ ਬੰਟੀ ਬੈਂਸ ਅਤੇ ਹੋਰਨਾਂ ਦਾ ਨਾਮ ਲੈਂਦਿਆਂ ਕਿਹਾ ਸੀ ਕਿ ਪੁਲੀਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ।
ਉਨ੍ਹਾਂ ਨੂੰ ਆਪਣੇ ਪੁੱਤ ਵੱਲੋਂ ਕੀਤੀ ਕਮਾਈ ਲੈਣ ਲਈ ਧੱਕੇ ਖਾਣੇ ਪੈ ਰਹੇ ਹਨ। ਪੀੜਤ ਪਰਿਵਾਰ ਨੇ ਮੂਸੇਵਾਲਾ ਦੀ ਕਮਾਈ ਦਾ ਬਕਾਇਆ ਨਾ ਦੇਣ ’ਤੇ ਬੰਟੀ ਬੈਂਸ ਅਤੇ ਹੋਰਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
ਉਨ੍ਹਾਂ ਕਿਹਾ ਸੀ ਕਿ ਪੁਲੀਸ ਨੇ ਇਸ ਜਾਂਚ ਵਿੱਚ ਬੰਟੀ ਬੈਂਸ ਦਾ ਨਾਮ ਵੀ ਕਥਿਤ ਜਾਣ-ਬੁੱਝ ਕੇ ਬਾਹਰ ਕੱਢਿਆ ਹੈ, ਹਾਲਾਂਕਿ ਡੀ ਆਈ ਜੀ ਹਰਜੀਤ ਸਿੰਘ ਨੇ ਉਨ੍ਹਾਂ ਨੂੰ ਦਫ਼ਤਰ ਬੁਲਾ ਕੇ ਕਾਰਵਾਈ ਦਾ ਭਰੋਸਾ ਦਿੱਤਾ ਸੀ।
ਮੂਸੇਵਾਲਾ ਪਰਿਵਾਰ ਦਾ ਸਾਥ ਦੇਣ ਲਈ ਤਿਆਰ: ਬੈਂਸ
ਗੀਤਕਾਰ ਬੰਟੀ ਬੈਂਸ ਨੇ ਕਿਹਾ ਹੈ ਕਿ ਜੇ ਉਹ ਇਸ ਵਿੱਚ ਕਸੂਰਵਾਰ ਹੁੰਦੇ ਤਾਂ ਉਨ੍ਹਾਂ ਦਾ ਨਾਮ ਜਾਂਚ ਵਿੱਚੋਂ ਬਾਹਰ ਨਾ ਕੱਢਿਆ ਜਾਂਦਾ। ਕੰਪਨੀਆਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਬਲਕਿ ਉਹ ਖ਼ੁਦ ਮੂਸੇਵਾਲਾ ਪਰਿਵਾਰ ਦਾ ਸਾਥ ਦੇਣ ਲਈ ਤਿਆਰ ਹਨ। ਮੈਨੇਜਰ ਰਹਿੰਦਿਆਂ ਉਨ੍ਹਾਂ ਨੇ ਮੂਸੇਵਾਲਾ ਦੀ ਕਮਾਈ ਵਿੱਚ ਕਦੇ ਕਿਸੇ ਨਾਲ ਕੋਈ ਲੈਣ-ਦੇਣ ਨਹੀਂ ਕੀਤਾ। ਇਸ ਦੇ ਬਾਵਜੂਦ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਨਾਮ ਇਸ ਮਾਮਲੇ ਨਾਲ ਕਿਉਂ ਜੋੜਿਆ ਜਾ ਰਿਹਾ ਹੈ।

