Babbu Maan postpones Adelaide show: ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਬੱਬੂ ਮਾਨ ਨੇ ਐਡੀਲੇਡ ਸ਼ੋਅ ਮੁਲਤਵੀ ਕੀਤਾ
ਜਲਦੀ ਹੀ ਨਵੀਂ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ: ਮਾਨ
ਪੰਜਾਬੀ ਗਾਇਕ ਬੱਬੂ ਮਾਨ ਨੇ ਆਸਟਰੇਲੀਆ ਦੇ ਐਡੀਲੇਡ ਵਿੱਚ ਹੋਣ ਵਾਲੇ ਆਪਣੇ ਸੰਗੀਤਕ ਪ੍ਰੋਗਰਾਮ (ਕੰਸਰਟ) ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਐਡੀਲੇਡ ਦੇ ਵਰਜੀਨੀਆ ਵਿੱਚ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ ਲਿਆ ਗਿਆ ਹੈ। ਇਸ ਘਟਨਾ ਵਿੱਚ ਗੁਰਦੁਆਰੇ ਦੀ ਇਮਾਰਤ ਸੜ ਕੇ ਸੁਆਹ ਹੋ ਗਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਸਨ।
ਵਿਕਟੋਰੀਆ ਦੇ ਗੁਰਦੁਆਰਾ ਕੌਂਸਲ ਦੇ ਰਵੀ ਇੰਦਰ ਸਿੰਘ ਨੇ ਕਿਹਾ ਕਿ ਇਸ ਦੁਖਾਂਤ ਨੇ ਪੂਰੇ ਆਸਟਰੇਲੀਆ ਦੇ ਸਿੱਖ ਭਾਈਚਾਰੇ ਨੂੰ ਡੂੰਘੇ ਸਦਮੇ ਅਤੇ ਸੋਗ ਵਿੱਚ ਪਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਗਨ ਭੇਟ ਹੋਏ ਸਰੂਪਾਂ ਦੇ ਬਾਕੀ ਬਚੇ ਪਵਿੱਤਰ ਅੰਗਾਂ, ਜਿਲਦਾਂ ਅਤੇ ਰੁਮਾਲਿਆਂ ਦਾ ਸ਼ੁੱਕਰਵਾਰ ਨੂੰ ਪੂਰੇ ਸਤਿਕਾਰ ਨਾਲ ਸਸਕਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ। ਅਖੰਡ ਪਾਠ ਸਾਹਿਬ ਦਾ ਭੋਗ ਐਤਵਾਰ ਨੂੰ ਗੁਰਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ, ਟੂ ਵੈੱਲਜ਼, ਐਡੀਲੇਡ ਵਿਖੇ ਪਵੇਗਾ।
ਉੱਥੇ ਹੀ ਸ਼ਨਿੱਚਰਵਾਰ ਨੂੰ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਬੱਬੂ ਮਾਨ ਨੇ ਕਿਹਾ ਕਿ ਹਾਲੀਆ ਘਟਨਾ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ ਅਤੇ ਉਹ ਵੀ ਇਸ ਦੁੱਖ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗੱਲਬਾਤ ਤੋਂ ਬਾਅਦ, ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਐਡੀਲੇਡ ਸ਼ੋਅ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਮਾਨ ਨੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਨਵੀਂ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ ਅਤੇ ਪਹਿਲਾਂ ਤੋਂ ਖਰੀਦੇ ਗਏ ਸਾਰੇ ਟਿਕਟ ਵੈਧ ਰਹਿਣਗੇ, ਜਿਸ ਦੀ ਅੱਪਡੇਟ ਕੀਤੀ ਗਈ ਜਾਣਕਾਰੀ ਈਮੇਲ ਰਾਹੀਂ ਭੇਜੀ ਜਾਵੇਗੀ।
ਪਿਛਲੇ ਐਤਵਾਰ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਲੱਗੀ ਅੱਗ ਨੇ ਗੁਰਦੁਆਰੇ ਦੀ ਇਮਾਰਤ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ, ਪੋਥੀਆਂ ਅਤੇ ਗੁਟਕਾ ਸਾਹਿਬ ਅਗਨ ਭੇਟ ਹੋ ਗਏ ਸਨ।

