ਬਾਬਾ ਫਰੀਦ ਯੂਨੀਵਰਸਿਟੀ ਨੇ ਹਾਈ ਕੋਰਟ ਕੇਸ ਦੇ ਚਲਦਿਆਂ NRI ਕੋਟੇ ਦੀਆਂ MBBS ਅਤੇ BDS ਸੀਟਾਂ ਲਈ ਦਾਖ਼ਲਾ ਕੀਤਾ ਮੁਲਤਵੀ
NRI ਕੋਟੇ ਤਹਿਤ ਰਾਖਵੀਆਂ 214 ਸੀਟਾਂ ਦੇ ਮੁਕਾਬਲੇ ਮਿਲੀਆਂ ਸਿਰਫ਼ 63 ਅਰਜ਼ੀਆਂ
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (ਬੀ ਐੱਫ ਯੂ ਐੱਚ ਐੱਸ) ਨੇ ਅੱਜ ਸੂਬੇ ਭਰ ਦੇ 28 ਕਾਲਜਾਂ (12 ਮੈਡੀਕਲ ਅਤੇ 16 ਡੈਂਟਲ) ਵਿੱਚ 2026 ਸੈਸ਼ਨ ਲਈ ਐੱਨ ਆਰ ਆਈ ਕੋਟੇ ਅਧੀਨ ਰਾਖਵੀਆਂ 214 ਐੱਮ ਬੀ ਬੀ ਐੱਸ ਅਤੇ 217 ਬੀ ਡੀ ਐੱਸ ਸੀਟਾਂ ਲਈ ਦਾਖਲਿਆਂ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਕਦਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਖਲਾ ਪ੍ਰਕਿਰਿਆ ਨੂੰ ਚੁਣੌਤੀ ਦੇਣ ਵਾਲੀ ਲੰਬਿਤ ਰਿੱਟ ਪਟੀਸ਼ਨ ਕਾਰਨ ਚੁੱਕਿਆ ਗਿਆ ਹੈ।
ਬਾਬਾ ਫਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਕਿਹਾ ਕਿ ਐੱਨ ਆਰ ਆਈ ਕੋਟੇ ਦੀਆਂ ਸੀਟਾਂ ਦੀ ਅਲਾਟਮੈਂਟ ਲਈ ਅੱਗੇ ਦੀ ਪ੍ਰਕਿਰਿਆ ਸਿਰਫ਼ ਹਾਈ ਕੋਰਟ ਦੇ ਫ਼ੈਸਲੇ ਅਤੇ ਨਿਰਦੇਸ਼ਾਂ ਦੇ ਅਨੁਸਾਰ ਹੀ ਕੀਤੀ ਜਾਵੇਗੀ।
ਦਾਖ਼ਲਿਆਂ ਦੇ ਪਹਿਲੇ ਗੇੜ ਵਿੱਚ, ਮੁਲਤਵੀ ਹੋਣ ਤੋਂ ਪਹਿਲਾਂ ਯੂਨੀਵਰਸਿਟੀ ਪਹਿਲਾਂ ਹੀ 47 ਐੱਨ ਆਰ ਆਈ ਕੋਟੇ ਦੀਆਂ ਐੱਮ ਬੀ ਬੀ ਐੱਸ ਸੀਟਾਂ ਅਤੇ ਤਿੰਨ ਬੀ ਡੀ ਐੱਸ ਸੀਟਾਂ ਅਲਾਟ ਕਰ ਚੁੱਕੀ ਸੀ।
ਸੀਟਾਂ ਦੀ ਅਲਾਟਮੈਂਟ ਨੂੰ ਮੁਲਤਵੀ ਕਰਨ ਦਾ ਫੈਸਲਾ ਇੱਕ ਦਾਅਵੇਦਾਰ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਯੂਨੀਵਰਸਿਟੀ ਨੇ ਉਸ ਦੇ ਪਿਤਾ ਦੀ ਭੈਣ (ਭੂਆ), ਜੋ ਕਿ ਅਮਰੀਕਾ ਦੀ ਨਾਗਰਿਕ ਹੈ, ਵੱਲੋਂ ਨਿਰਧਾਰਤ ਫਾਰਮੈਟ ਵਿੱਚ ਸਰਟੀਫਿਕੇਟ ਅਤੇ ਹਲਫ਼ਨਾਮਾ ਦੇਣ ਦੇ ਬਾਵਜੂਦ ਉਸ ਦੀ ਉਮੀਦਵਾਰੀ ਨੂੰ ਐੱਨ ਆਰ ਆਈ ਕੋਟੇ ਤਹਿਤ ਵਿਚਾਰਨ ਤੋਂ ਇਨਕਾਰ ਕਰ ਦਿੱਤਾ ਸੀ। ਉਮੀਦਵਾਰ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਦੇ ਆਪਣੇ ਪਰਸਪੈਕਟਸ ਵਿੱਚ ਕਿਹਾ ਗਿਆ ਸੀ ਕਿ ਦਾਖ਼ਲੇ ਪੰਜਾਬ ਅਤੇ ਕੇਂਦਰ ਸਰਕਾਰਾਂ, ਕੌਮੀ ਮੈਡੀਕਲ ਕਮਿਸ਼ਨ, ਕੌਮੀ ਡੈਂਟਲ ਵਿਗਿਆਨ ਕਮਿਸ਼ਨ ਅਤੇ ਮੈਡੀਕਲ ਕਾਉਂਸਲਿੰਗ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੇ ਜਾਣਗੇ। ਉਸਨੇ 27 ਮਈ ਦੇ ਇੱਕ ਬੀ ਐੱਫ ਯੂ ਐੱਚ ਐੱਸ ਨੋਟਿਸ ਦਾ ਹਵਾਲਾ ਵੀ ਦਿੱਤਾ ਜਿਸ ਵਿੱਚ ਇਹ ਦਲੀਲ ਦਿੱਤੀ ਗਈ ਸੀ ਕਿ ਖਾਸ ਐੱਨ ਆਰ ਆਈ ਰਿਸ਼ਤੇਦਾਰਾਂ ਦੁਆਰਾ ਪਾਲਣ-ਪੋਸ਼ਣ ਕੀਤੇ ਗਏ ਉਮੀਦਵਾਰ ਇਸ ਕੋਟੇ ਤਹਿਤ ਵਿਚਾਰੇ ਜਾਣ ਦੇ ਯੋਗ ਹਨ।
ਉੱਥੇ ਹੀ 7 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ, ਬਾਬਾ ਫਰੀਦ ਯੂਨੀਵਰਸਿਟੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਐੱਨ ਆਰ ਆਈ ਉਮੀਦਵਾਰਾਂ ਲਈ ਰਾਖਵੀਆਂ 214 ਐੱਮ ਬੀ ਬੀ ਐੱਸ ਸੀਟਾਂ ਦੇ ਮੁਕਾਬਲੇ ਸਿਰਫ 63 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਨੋਟ ਕਰਦਿਆਂ ਕਿ ਬਿਨੈਕਾਰਾਂ ਦੀ ਗਿਣਤੀ ਉਪਲਬਧ ਸੀਟਾਂ ਤੋਂ ਘੱਟ ਗਈ ਹੈ, ਹਾਈ ਕੋਰਟ ਨੇ ਯੂਨੀਵਰਸਿਟੀ ਨੂੰ ਇਹ ਫੈਸਲਾ ਕਰਨ ਅਤੇ ਅਦਾਲਤ ਨੂੰ ਸੂਚਿਤ ਕਰਨ ਦਾ ਨਿਰਦੇਸ਼ ਦਿੱਤਾ ਕਿ ਕੀ ਖਾਲੀ ਸੀਟਾਂ ਲਈ ਬਿਨੈਕਾਰਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਆਦੇਸ਼ ਤੋਂ ਬਾਅਦ, ਬੀ ਐੱਫ ਯੂ ਐੱਚ ਐੱਸ ਨੇ ਐੱਨ ਆਰ ਆਈ ਕੋਟੇ ਤਹਿਤ ਕਾਉਂਸਲਿੰਗ ਅਤੇ ਦਾਖਲੇ ਮੁਲਤਵੀ ਕਰ ਦਿੱਤੇ।

