ਬਾਬਾ ਫ਼ਰੀਦ ਯੂਨੀਵਰਸਿਟੀ ਦੇ ਪ੍ਰੀਖਿਆ ਇੰਚਾਰਜ ਦਾ ਤਬਾਦਲਾ
ਅਮਰਬੀਰ ਸਿੰਘ ਨਵੇਂ ਅਫਸਰ ਵਜੋਂ ਤਾਇਨਾਤ; ਵਿਦਿਆਰਥੀ ਤੇ ਹੋਰ ਜਥੇਬੰਦੀਆਂ ਧਰਨੇ ’ਤੇ ਬੈਠੀਆਂ
ਦੋ ਹਫ਼ਤੇ ਪਹਿਲਾਂ ਇੱਥੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਲਏ ਗਏ ਫਾਰਮੈਸੀ ਅਫਸਰ ਦੇ ਪੇਪਰ ਲੀਕ ਹੋਣ ਖ਼ਿਲਾਫ਼ ਪੰਜਾਬ ਸਟੂਡੈਂਟ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਜਥੇਬੰਦੀਆਂ ਅਣਮਿੱਥੇ ਸਮੇਂ ਲਈ ਯੂਨੀਵਰਸਿਟੀ ਸਾਹਮਣੇ ਧਰਨੇ ਉੱਪਰ ਬੈਠ ਗਈਆਂ ਹਨ ਜਿਸ ਮਗਰੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਮੈਡੀਕਲ ਸੁਪਰਡੈਂਟ ਅਤੇ ਪ੍ਰੀਖਿਆ ਚਾਰਜ ਨੀਤੂ ਕੱਕੜ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ’ਤੇ ਨਵੇਂ ਅਧਿਕਾਰੀ ਅਮਰਬੀਰ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਤਬਾਦਲਾ ਹੋ ਚੁੱਕਾ ਹੈ। ਪੀ ਐੱਸ ਯੂ ਦੀ ਜ਼ਿਲ੍ਹਾ ਪ੍ਰਧਾਨ ਹਰਵੀਰ ਕੌਰ, ਸੁਖਬੀਰ ਸਿੰਘ, ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਅਤੇ ਮੰਗਾ ਸਿੰਘ ਆਜ਼ਾਦ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਪੇਪਰ ਲੀਕ ਕਰਨ ਵਾਲੇ ਅਧਿਕਾਰੀਆਂ ਨੂੰ ਬਚਾਅ ਰਹੀ ਹੈ। ਇਹ ਪੇਪਰ ਲੀਕ ਹੋਣ ਨਾਲ 5 ਹਜ਼ਾਰ ਤੋਂ ਵੱਧ ਪਰਿਵਾਰਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਅਤੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਨਿਰਾਸ਼ਾ ਵਿੱਚ ਹਨ।
ਇਸ ਧਰਨੇ ਵਿੱਚ ਉਹ ਵਿਦਿਆਰਥੀ ਵੀ ਸ਼ਾਮਿਲ ਹੋਏ ਜਿਨ੍ਹਾਂ ਫਾਰਮੇਸੀ ਅਫਸਰ ਦਾ ਇਮਤਿਹਾਨ ਦਿੱਤਾ ਸੀ।
ਪੇਪਰ ਲੀਕ ਵਿਵਾਦ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਪੇਪਰ ਦਾ ਨਤੀਜਾ ਐਲਾਨਣ ਉੱਪਰ ਅਣਮਿੱਥੇ ਸਮੇਂ ਲਈ ਰੋਕ ਲਾ ਦਿੱਤੀ ਹੈ। ਵਿਦਿਆਰਥੀ ਜਥੇਬੰਦੀਆਂ ਨੇ ਕਿਹਾ ਕਿ ਪੇਪਰ ਲੀਕ ਵਿੱਚ ਪੰਜਾਬ ਸਰਕਾਰ ਦੇ ਵਿਧਾਇਕਾਂ, ਚੇਅਰਮੈਨਾਂ ਤੇ ਹੋਰ ਉੱਚ ਅਧਿਕਾਰੀਆਂ ਦਾ ਨਾਮ ਆ ਰਿਹਾ ਹੈ।
ਇਸੇ ਕਰਕੇ ਪੰਜਾਬ ਸਰਕਾਰ ਪੇਪਰ ਲੀਕ ਦੀ ਘਟਨਾ ਨਹੀਂ ਮੰਨ ਰਹੀ ਅਤੇ ਸਿਰਫ ਇੰਨਾ ਹੀ ਕਿਹਾ ਜਾ ਰਿਹਾ ਹੈ ਕਿ ਪੇਪਰ ਵਿੱਚ ਨਕਲ ਵੱਜੀ ਹੈ। ਡੀ ਆਈ ਜੀ ਫਰੀਦਕੋਟ ਨਿਲੰਬਰੀ ਜਗਦਲੇ ਨੇ ਕਿਹਾ ਕਿ ਫਾਰਮੇਸੀ ਅਫਸਰ ਦੇ ਇਮਤਿਹਾਨ ਵਿੱਚ ਡਿਜੀਟਲ ਢੰਗ ਨਾਲ ਨਕਲ ਵੱਜੀ ਸੀ ਅਤੇ ਇਸ ਵਿੱਚ ਹੁਣ ਤੱਕ 36 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੇਪਰ ਲੀਕ ਹੋਇਆ ਹੈ।

