ਆਜ਼ਾਦ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਲਈ ਅੱਜ ਚੰਡੀਗੜ੍ਹ ਦੇ ਸੈਕਟਰ 44 ਸਥਿਤ ਸ਼ਹੀਦ ਊਧਮ ਸਿੰਘ ਭਵਨ ਵਿੱਚ ਕਿਸਾਨ ਵਿਧਾਨ ਸਭਾ ਲਾਈ ਗਈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ ਸਣੇ ਵੱਖ-ਵੱਖ ਵਰਗਾਂ ਦੀਆਂ ਮੰਗਾਂ, ਆਰਥਿਕ ਹਾਲਾਤ ਅਤੇ ਸਮਾਜਿਕ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਤੋਂ ਕਿਸਾਨੀ ਮੁੱਦਿਆਂ ’ਤੇ ਸਮਾਂਬੱਧ ਐਕਸ਼ਨ ਪਲਾਨ ਜਾਰੀ ਕਰਨ ਦਾ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਆਜ਼ਾਦ ਕਿਸਾਨ ਮੋਰਚੇ ਨਾਲ ਸਬੰਧਤ ਬੀ ਕੇ ਯੂ (ਤੋਤੇਵਾਲ), ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਮਝੈਲ, ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ, ਸ਼ੇਰੇ ਪੰਜਾਬ ਕਿਸਾਨ-ਮਜ਼ਦੂਰ ਮੋਰਚਾ, ਅੰਨਦਾਤਾ ਕਿਸਾਨ-ਮਜ਼ਦੂਰ ਯੂਨੀਅਨ, ਬੀ ਕੇ ਯੂ (ਏਕਤਾ)-ਮਾਲਵਾ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਗੜ੍ਹਸ਼ੰਕਰ, ਕਿਸਾਨ ਬਚਾਓ ਮੋਰਚਾ ਅਤੇ ਦੁਆਬਾ ਕਿਸਾਨ ਯੂਨੀਅਨ ਸਣੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ।
ਕਿਸਾਨ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਾਰੀਆਂ ਫ਼ਸਲਾਂ ’ਤੇ ਦਿੱਤੀ ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਪੂਰੀ ਕਰਨ। ਆਗੂਆਂ ਨੇ ਕਿਹਾ ਕਿ ਈ 20 ਨੀਤੀ ਦਾ ਸਿਰਫ਼ ਵਿਰੋਧ ਕਰਨਾ ਹੱਲ ਨਹੀਂ ਹੈ। ਪੰਜਾਬ ਸਰਕਾਰ ਨੂੰ ਇਸ ਨੀਤੀ ਨਾਲ ਖੇਤੀਬਾੜੀ, ਫ਼ਸਲਾਂ ਦੀ ਮੰਗ, ਖ਼ਰੀਦ, ਕੀਮਤ, ਮੰਡੀਕਰਨ ਅਤੇ ਕਿਸਾਨਾਂ ਦੀ ਆਮਦਨ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਗੰਭੀਰਤਾ ਨਾਲ ਅਧਿਐਨ ਕਰਨਾ ਚਾਹੀਦਾ ਹੈ। ਹੜ੍ਹਾਂ, ਭਾਰੀ ਮੀਂਹ ਅਤੇ ਹੋਰ ਕੁਦਰਤੀ ਆਫ਼ਤਾਂ ਕਾਰਨ ਫ਼ਸਲਾਂ ਦੇ ਨੁਕਸਾਨ ਦੀ ਗਿਰਦਾਵਰੀ, ਨੁਕਸਾਨ ਦੀ ਪੜਤਾਲ ਅਤੇ ਮੁਆਵਜ਼ੇ ਦੀ ਵੰਡ ਲਈ ਸਮਾਂਬੱਧ ਅਤੇ ਪਾਰਦਰਸ਼ੀ ਪ੍ਰਣਾਲੀ ਬਣਾਈ ਜਾਵੇ।
ਇਸ ਮੌਕੇ ਕਿਸਾਨ ਆਗੂ ਸੁੱਖ ਗਿੱਲ ਮੋਗਾ, ਸਤਨਾਮ ਸਿੰਘ ਸੰਧੂ ਹਰੀਕੇ, ਜਸਬੀਰ ਸਿੰਘ ਆਹਲੂਵਾਲੀਆ, ਨਛੱਤਰ ਸਿੰਘ ਕਪੂਰਥਲਾ, ਤਰਨਜੀਤ ਸਿੰਘ ਨਿਮਾਣਾ, ਹਰਿੰਦਰ ਸਿੰਘ ਬਾਜਵਾ, ਭੁਪਿੰਦਰ ਸਿੰਘ ਕੋਟਦੂਨਾ, ਜਸਵੰਤ ਸਿੰਘ ਭੱਠਲ ਧਮਾਈ, ਪਰਮਜੀਤ ਸਿੰਘ ਬੱਬਰ, ਕਿਰਪਾ ਸਿੰਘ ਨੱਥੂਵਾਲਾ, ਰਾਜ ਸਿੰਘ ਅਤੇ ਕੁਲਦੀਪ ਸਿੰਘ ਵਜੀਦਪੁਰ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਰਹੇ।

