ਅਵਿਨਾਸ਼ ਰਾਏ ਖੰਨਾ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ
ਪਾਕਿ ’ਚ ਗੁਰਦੁਆਰਾ ਢਾਹ ਕੇ ਸ਼ਾਪਿੰਗ ਮਾਲ ਬਣਾਉਣ ਦਾ ਵਿਰੋਧ ਕੀਤਾ
ਸਾਬਕਾ ਸੰਸਦ ਮੈਂਬਰ ਤੇ ਭਾਜਪਾ ਨੇਤਾ ਅਵਿਨਾਸ਼ ਰਾਏ ਖੰਨਾ ਨੇ ਪਾਕਿਸਤਾਨ ’ਚ ਘੱਟਗਿਣਤੀਆਂ ਦੇ ਇਤਿਹਾਸਕ, ਧਾਰਮਿਕ ਸਥਾਨਾਂ ਅਤੇ ਸੰਪਤੀਆਂ ਦੀ ਕਥਿਤ ਦੁਰਦਸ਼ਾ ਸਬੰਧੀ ਖ਼ਬਰ ਦੀ ਸਖਤ ਨੋਟਿਸ ਲੈਂਦਿਆਂ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਪਾਕਿਸਤਾਨ ਸਰਕਾਰ ਕੋਲ ਇਹ ਮਾਮਲਾ ਮਜ਼ਬੂਤੀ ਨਾਲ ਉਠਾਉਣ ਅਤੇ ਇਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਖੰਨਾ ਨੇ ਕਿਹਾ ਕਿ ਅਖਬਾਰਾਂ ’ਚ ਛਪੀਆਂ ਖਬਰਾਂ ਮੁਤਾਬਕ ਪਾਕਿਸਤਾਨ ਦੇ ਬਲੋਚਿਸਤਾਨ ਵਿਚ ਲਗਭਗ 200 ਸਾਲ ਪੁਰਾਣੇ ਗੁਰਦੁਆਰੇ ਨੂੰ ਢਾਹ ਕੇ ਉੱਥੇ ਸ਼ਾਪਿੰਗ ਮਾਲ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਪਾਕਿਸਤਾਨ ’ਚ ਕਿਸੇ ਸਮੇਂ 12 ਗੁਰਦੁਆਰੇ ਹੁੰਦੇ ਸਨ, ਜਿਨ੍ਹਾਂ ਦੀ ਗਿਣਤੀ ਘਟ ਕੇ ਹੁਣ ਕੇਵਲ ਦੋ ਰਹਿ ਗਈ ਹੈ। ਇਸ ਕਾਰਨ ਭਾਰਤ ਅੰਦਰ ਸਿੱਖਾਂ ’ਚ ਭਾਰੀ ਰੋਸ ਹੈ। ਪਾਕਿਸਤਾਨ ਅੰਦਰ ਘੱਟਗਿਣਤੀਆਂ ਦੇ ਧਾਰਮਿਕ ਸਥਾਨਾਂ, ਉਨ੍ਹਾਂ ਦੀਆਂ ਸੰਪਤੀਆਂ ਅਤੇ ਹੋਰ ਧਾਰਮਿਕ ਵਿਰਾਸਤਾਂ ਦੀ ਘਟਦੀ ਸੁਰੱਖਿਆ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਕਿ ਪਾਕਿ ਅੰਦਰ ਸਿੱਖਾਂ ਸਮੇਤ ਘੱਟਗਿਣਤੀ ਲੋਕਾਂ ਦੀ ਜਾਨ, ਮਾਲ, ਧਾਰਮਿਕ ਸਥਾਨਾਂ ਅਤੇ ਸੰਪਤੀਆਂ ਦੀ ਸੁਰੱਖਿਆ ਦਾ ਮੁੱਦਾ ਪਾਕਿ ਸਰਕਾਰ ਕੋਲ ਸਖਤੀ ਨਾਲ ਉਠਾਇਆ ਜਾਵੇ। ਉਨ੍ਹਾਂ ਨੇ ਸਬੰਧਤ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਗੁਰਦੁਆਰੇ ਦਾ ਪੁਨਰ ਨਿਰਮਾਣ ਕਰਵਾਉਣ ਦੀ ਵੀ ਮੰਗ ਕੀਤੀ।

